ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਨੇ ਗੱਡੇ ਝੰਡੇ, ਪਹਿਲੀ ਵਾਰ 7 ਗੋਲਡ ਸਣੇ ਜਿੱਤੇ 29 ਤਗਮੇ

Monday, Sep 09, 2024 - 02:06 PM (IST)

ਪੈਰਿਸ – ਦਿਵਿਆਂਗ ਪਰ ਆਸਾਧਾਰਨ ਰੂਪ ਨਾਲ ਦ੍ਰਿੜ੍ਹ ਭਾਰਤ ਦੇ ਪੈਰਾ ਐਥਲੀਟਾਂ ਨੂੰ ਆਪਣੀ ਪੈਰਾਲੰਪਿਕ ਮੁਹਿੰਮ ’ਤੇ ਮਾਣ ਮਹਿਸੂਸ ਹੋਵੇਗਾ ਕਿਉਂਕਿ ਜ਼ਿਆਦਾਤਰ ਸਥਾਪਤ ਨਾਂ ਉਮੀਦਾਂ ’ਤੇ ਖਰੇ ਉਤਰੇ ਤੇ ਕਈ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਆਪਣੇ ਹੀ ਰਿਕਾਰਡ ਤੋੜ ਕੇ 29 ਤਮਗੇ ਜਿੱਤ ਕੇ ਵੱਡੇ ਮੰਚ ’ਤੇ ਆਪਣੀ ਜਗ੍ਹਾ ਬਣਾਈ। ਭਾਰਤ ਨੇ ਕੁੱਲ 29 ਤਮਗੇ ਜਿੱਤੇ, ਜਿਨ੍ਹਾਂ 'ਚ 7 ਸੋਨ ਤਮਗੇ ਹਨ, ਜਿਹੜਾ ਦੇਸ਼ ਲਈ ਪਹਿਲੀ ਵਾਰ ਹੋਇਆ ਹੈ। ਭਾਰਤ ਨੇ 2016 ਦੇ ਗੇੜ ਵਿਚ ਹੀ ਆਪਣੀ ਹਾਜ਼ਰੀ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ 'ਚ ਦੇਸ਼ ਦੇ ਪੈਰਾ ਐਥਲੀਟ 4 ਤਮਗੇ ਜਿੱਤ ਸਕੇ ਸਨ। ਇਸ ਤੋਂ ਬਾਅਦ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਹੁੰਦਾ ਗਿਆ, ਜਿਸ ਨਾਲ ਟੋਕੀਓ ਵਿਚ ਪੈਰਾ ਖਿਡਾਰੀਆਂ ਨੇ 19 ਤਮਗੇ ਜਿੱਤੇ। 5 ਖੇਡਾਂ ਵਿਚ ਕੁੱਲ 29 ਤਮਗਿਆਂ ’ਚੋਂ ਸਿਰਫ ਟ੍ਰੈਕ ਫੀਲਡ ਪ੍ਰਤੀਯੋਗਿਤਾ 'ਚ ਹੀ 17 ਤਮਗੇ ਮਿਲੇ, ਜਿਨ੍ਹਾਂ ਨੇ ਤੈਅ ਕੀਤਾ ਕਿ ਦੇਸ਼ ਇਨ੍ਹਾਂ ਖੇਡਾਂ 'ਚ ਟਾਪ-20 'ਚ ਸ਼ਾਮਲ ਰਿਹਾ। ਪੈਰਾਲੰਪਿਕ 'ਚ ਇਕ ਵਾਰ ਫਿਰ ਚੀਨ ਦਾ ਦਬਦਬਾ ਰਿਹਾ, ਜਿਸ ਨੇ 200 ਤੋਂ ਵੱਧ ਤਮਗੇ ਜਿੱਤੇ। ਭਾਰਤ ਹੁਣ ਵੀ ਓਲੰਪਿਕ ਪੱਧਰ ’ਤੇ ਇਕ ਤਾਕਤ ਬਣਨ ਤੋਂ ਬਹੁਤ ਦੂਰ ਹੈ ਪਰ ਦੇਸ਼ ਨਿਸ਼ਚਿਤ ਰੂਪ ਨਾਲ ਦਿਵਿਆਂਗਾਂ ਦੀ ਪ੍ਰਤੀਯੋਗਿਤਾ 'ਚ ਇਕ ਤਾਕਤ ਦੇ ਰੂਪ ਵਿਚ ਉੱਭਰਿਆ ਹੈ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਟ੍ਰੈਕ ਤੇ ਜੂਡੋ ਵਿਚ ਜ਼ਿਆਦਾ ਤਮਗੇ 
ਭਾਰਤ ਦੇ 84 ਮੈਂਬਰੀ ਦਲ ਨੇ ਪੈਰਾਲੰਪਿਕ ਇਤਿਹਾਸ 'ਚ ਟ੍ਰੈਕ ਪ੍ਰਤੀਯੋਗਿਤਾਵਾਂ ਸਮੇਤ ਕਈ ਪਹਿਲੇ ਸਥਾਨ ਤੈਅ ਕੀਤੇ, ਜਿਸ 'ਚ ਦੌੜਾਕ ਪ੍ਰੀਤੀ ਪਾਲ ਨੇ ਮਹਿਲਾਵਾਂ ਦੀ 100 ਮੀਟਰ ਟੀ35 ਤੇ 200 ਮੀਟਰ ਟੀ35 ਸ਼੍ਰੇਣੀ 'ਚ ਕਾਂਸੀ ਤਮਗਾ ਜਿੱਤਿਆ। ਟੀ35 ਵਰਗ ਉਨ੍ਹਾਂ ਖਿਡਾਰੀਆਂ ਲਈ ਹੈ, ਜਿਨ੍ਹਾਂ 'ਚ ਹਾਈਪਰਟੋਨੀਆ, ਅਟੈਕਸੀਆ ਤੇ ਐਥੇਟੋਸਿਸ ਵਰਗੇ ਨੁਕਸ ਹੁੰਦੇ ਹਨ। ਪ੍ਰੀਤੀ ਦੇ ਪੈਰ ਜਨਮ ਤੋਂ ਹੀ ਕਮਜ਼ੋਰ ਸਨ ਤੇ ਵੱਡੇ ਹੋਣ ’ਤੇ ਉਸ ਦੀ ਸਥਿਤੀ ਹੋਰ ਖਰਾਬ ਹੁੰਦੀ ਗਈ।
ਉੱਥੇ ਹੀ ਪਹਿਲੀ ਵਾਰ ਜੂਡੋ 'ਚ ਤਮਗਾ ਮਿਲਿਆ। ਕਪਿਲ ਪਰਮਾਰ ਨੇ ਪੁਰਸ਼ਾਂ ਦੇ ਜੂਡੋ ਦੇ 60 ਕਿ. ਗ੍ਰਾ. ਜੇ1 ਵਰਗ 'ਚ ਕਾਂਸੀ ਤਮਗਾ ਜਿੱਤ ਕੇ ਭਾਰਤ ਨੂੰ ਸਨਮਾਨਿਤ ਕਰਦੇ ਹੋਏ ਇਸ ਖੇਡ 'ਚ ਪਹਿਲਾ ਤਮਗਾ ਜਿੱਤਿਆ। ਕਪਿਲ (24 ਸਾਲ) ਬਚਪਨ ਤੋਂ ਆਪਣੇ ਪਿੰਡ ਦੇ ਖੇਤਾਂ 'ਚ ਖੇਡਦੇ ਸਮੇਂ ਬਿਜਲੀ ਦੇ ਝਟਕੇ ਨਾਲ ਜ਼ਖ਼ਮੀ ਹੋ ਗਿਆ ਸੀ ਪਰ ਉਸ ਨੇ ਇਸ ਹਾਦਸੇ ਤੋਂ ਖੁਦ ਨੂੰ ਉਭਾਰਿਆ। ਉਸ ਨੂੰ ਲੋੜਾਂ ਨੂੰ ਪੂਰਾ ਕਰਨ ਲਈ ਚਾਹ ਵੇਚਣ ਲਈ ਵੀ ਮਜਬੂਰ ਹੋਣਾ ਪਿਆ ਪਰ ਉਸ ਨੇ ਹਾਲਾਤ ਨੂੰ ਬਦਲ ਦਿੱਤਾ।

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਤੀਰਅੰਦਾਜ਼ੀ ਤੇ ਕਲੱਬ ਥ੍ਰੋਅ ਨੇ ਭਾਰਤ ਨੂੰ ਤਮਗਾ ਅੰਕ ਸੂਚੀ 'ਚ ਅੱਗੇ ਵਧਾਇਆ 
ਹਰਵਿੰਦਰ ਸਿੰਘ ਤੇ ਧਰਮਬੀਰ ਵਰਗੇ ਖਿਡਾਰੀਆਂ ਨੇ ਕ੍ਰਮਵਾਰ ਤੀਰਅੰਦਾਜ਼ੀ ਤੇ ਕਲੱਬ ਥ੍ਰੋਅ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਹਾਸਲ ਕਰਕੇ ਭਾਰਤ ਨੂੰ ਤਮਗਾ ਅੰਕ ਸੂਚੀ 'ਚ ਕਾਫ਼ੀ ਉੱਪਰ ਪੁਹੰਚਾਇਆ। ਬਿਨਾਂ ਹੱਥਾਂ ਦੇ ਜਨਮ ਲੈਣ ਵਾਲੀ ਤੀਰਅੰਦਾਜ਼ ਸ਼ੀਤਲ ਦੇਵੀ ਪਹਿਲਾਂ ਤੋਂ ਹੀ ਲੱਖਾਂ ਲੋਕਾਂ ਲਈ ਉਮੀਦ ਦੀ ਕਿਰਣ ਸੀ। ਮਿਕਸਡ ਟੀਮ ਵਿਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਇਸ 17 ਸਾਲਾ ਖਿਡਾਰਨ ਨੇ ਕਦੇ ਹਾਰ ਨਾ ਮੰਨਣ ਦਾ ਜਜ਼ਬਾ ਦਿਖਾਇਆ। ਉਸ ਨੇ ਆਪਣੇ ਹੱਥਾਂ ਦੀ ਬਜਾਏ ਪੈਰਾਂ ਦਾ ਇਸਤੇਮਾਲ ਕਰਕੇ ਨਿਸ਼ਾਨਾ ਵਿੰਨ੍ਹਿਆ, ਜਿਸ ਨਾਲ ਉਹ ਪੈਰਿਸ 'ਚ ਦਰਸ਼ਕਾਂ ਦੀ ਪਸੰਦੀਦਾ ਬਣ ਗਈ ਪਰ ਉਸ ਦੇ ਸਿੰਗਲਜ਼ ਪ੍ਰਤੀਯੋਗਿਤਾ ਵਿਚ 1/8 ਐਲਮੀਨੇਸ਼ਨ 'ਚੋਂ ਬਾਹਰ ਹੋਣ ਤੋਂ ਬਾਅਦ ਦਰਸ਼ਕਾਂ ਨੂੰ ਬਹੁਤ ਨਿਰਾਸ਼ਾ ਹੋਈ।
ਕੁਝ ਦਿਨ ਬਾਅਦ ਹਰਵਿੰਦਰ ਨੇ ਦਬਾਅ 'ਚ ਸਬਰ ਰੱਖਦੇ ਹੋਏ ਤੀਰਅੰਦਾਜ਼ੀ 'ਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ ਤੇ ਨਾਲ ਹੀ ਟੋਕੀਓ ਗੇੜ ਦੇ ਆਪਣੇ ਕਾਂਸੀ ਤਮਗੇ ਦਾ ਰੰਗ ਵੀ ਬਦਲਿਆ। ਉੱਥੇ ਹੀ, ਕਲੱਬ ਥ੍ਰੋਅ ਪ੍ਰਤੀਯੋਗਿਤਾ 'ਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨਾ ਭਾਰਤ ਲਈ ਅਦਭੁੱਤ ਉਪਲੱਬਧੀ ਰਹੀ, ਜਿਸ 'ਚ ਧਰਮਬੀਰ ਤੇ ਪ੍ਰਣਵ ਸੋਰਮਾ ਐੱਫ51 ਵਰਗ 'ਚ ਪੋਡੀਅਮ 'ਤੇ ਪਹੁੰਚੇ। ਧਰਮਬੀਰ ਇਕ ਹਾਦਸੇ 'ਚ ਕਮਰ ਤੋਂ ਹੇਠਲੇ ਹਿੱਸੇ 'ਚ ਲਕਵਾਗ੍ਰਸਤ ਹੋ ਗਿਆ ਸੀ ਪਰ ਸੋਨੀਪਤ ਨਿਵਾਸੀ ਨੂੰ ਸਾਥੀ ਪੈਰਾ ਐਥਲੀਟ ਅਮਿਤ ਕੁਮਾਰ ਸਰੋਹਾ ਤੋਂ ਬਹੁਤ ਸਮਰਥਨ ਮਿਲਿਆ, ਜਿਸ ਨੇ ਉਸਦਾ ਮਾਰਗਦਰਸ਼ਨ ਕੀਤਾ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਸੁਮਿਤ ਅੰਤਿਲ ਤੇ ਅਵਨੀ ਲੇਖਰਾ ਨੇ ਖਿਤਾਬ ਬਰਕਰਾਰ ਰੱਖਿਆ
ਜਿੱਥੇ ਕਈ ਪ੍ਰਤੀਯੋਗਿਤਾਵਾਂ 'ਚ ਪਹਿਲੀ ਵਾਰ ਤਮਗੇ ਆਏ ਤਾਂ ਉੱਥੇ ਹੀ ਜੈਵਲਿਨ ਥ੍ਰੋਅ ਖਿਡਾਰੀ ਸੁਮਿਤ ਅੰਤਿਲ ਤੇ ਨਿਸ਼ਾਨੇਬਾਜ਼ ਅਵਿਨੀ ਲੇਖਰਾ ਸਮੇਤ ਕੁਝ ਖਿਡਾਰੀਆਂ ਤੋਂ ਕਾਫੀ ਉਮੀਦਾਂ ਸਨ, ਜਿਨ੍ਹਾਂ ਨੇ ਟੋਕੀਓ 'ਚ ਸੋਨ ਤਮਗਾ ਜਿੱਤਿਆ ਸੀ। ਸੁਮਿਤ ਦਾ ਖੱਬਾ ਪੈਰ ਇਕ ਹਾਦਸੇ ਤੋਂ ਬਾਅਦ ਵੱਢਣਾ ਪਿਆ ਸੀ। ਉਸ ਨੇ ਲਗਾਤਾਰ ਦੂਜੀ ਵਾਰ ਜੈਵਲਿਨ ਥ੍ਰੋਅ 'ਚ ਸੋਨ ਤਮਗਾ ਜਿੱਤ ਕੇ ਆਪਣਾ ਹੀ ਪੈਰਾਲੰਪਿਕ ਰਿਕਾਰਡ ਤੋੜ ਦਿੱਤਾ ਜਦਕਿ ਵ੍ਹੀਲਚੇਅਰ ’ਤੇ ਰਹਿਣ ਵਾਲੀ ਰਾਈਫਲ ਨਿਸ਼ਾਨੇਬਾਜ਼ ਲੇਖਰਾ ਨੇ ਏਅਰ ਰਾਈਫਲ ਐੱਸ. ਐੱਚ.1 ਫਾਈਨਲ 'ਚ ਦਬਦਬਾ ਬਣਾਇਆ।

ਬੈਡਮਿੰਟਨ ਕੋਰਟ ਤੋਂ ਵੀ ਨਿਤੇਸ਼ ਕੁਮਾਰ ਨੇ ਇਕ ਸੋਨ ਤਮਗਾ ਜਿੱਤਿਆ, ਜਿਸ ਨੇ ਇਕ ਰੋਮਾਂਚਕ ਫਾਈਨਲ 'ਚ ਬ੍ਰਿਟੇਨ ਦੇ ਡੇਨੀਅਲ ਬੇਥੇਲ ਨੂੰ ਹਰਾਇਆ। ਨਿਤੇਸ਼ ਨੇ ਵੀ ਇਕ ਟ੍ਰੇਨ ਹਾਦਸੇ ਤੋਂ ਬਾਅਦ ਆਪਣਾ ਪੈਰ ਗੁਆ ਦਿੱਤਾ ਸੀ। ਉਸ ਨੇ ਆਈ. ਈ. ਟੀ.-ਮੰਡੀ ਤੋਂ ਬੀ. ਏ. ਦੀ ਪੜ੍ਹਾਈ ਦੌਰਾਨ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ ਸੀ। ਭਾਰਤ ਜੇਕਰ ਪੈਰਾ ਤੈਰਾਕਾਂ ਦਾ ਇਕ ਪੂਲ ਬਣਾ ਲਵੇ ਤਾਂ ਟਾਪ-10 'ਚ ਜਗ੍ਹਾ ਬਣਾਉਣ ਦੀ ਉਮੀਦ ਰੱਖ ਸਕਦਾ ਹੈ ਕਿਉਂਕਿ ਪੈਰਿਸ 'ਚ ਸਿਰਫ ਇਕ ਤੈਰਾਕ ਨੇ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਉੱਥੇ ਹੀ, ਚੋਟੀ 'ਤੇ ਰਹੇ ਚੀਨ ਨੇ ਤੈਰਾਕੀ 'ਚ 20 ਸੋਨ ਸਮੇਤ 54 ਤਮਗੇ ਜਿੱਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News