ਟੈਸਟ ਰੈਂਕਿੰਗ ''ਚ ਐਂਡਰਸਨ ਦੀ ਲੰਬੀ ਛਲਾਂਗ, ਟਾਪ-10 ''ਚ ਕੀਤੀ ਵਾਪਸੀ
Wednesday, Aug 26, 2020 - 09:28 PM (IST)
ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸੀਮਿਤ ਓਵਰਾਂ ਦੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਨ ਡੇ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 2 ਸਥਾਨਾਂ 'ਤੇ ਕਬਜ਼ਾ ਬਰਕਰਾਰ ਰੱਖਿਆ ਹੈ ਤੇ ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ 'ਚ ਕ੍ਰਮਵਾਰ ਪਹਿਲੇ ਤੇ ਦੂਜਾ ਸਥਾਨ 'ਤੇ ਹੈ। ਟੈਸਟ ਰੈਂਕਿੰਗ ਵਿਚ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਚੋਟੀ 'ਤੇ ਚੱਲ ਰਿਹਾ ਹੈ ਜਦਕਿ ਵਿਰਾਟ ਕੋਹਲੀ ਤੇ ਸਮਿਥ ਦੇ ਹਮਵਤਨ ਮਾਰਨਰ ਲਾਬੂਸ਼ੇਨ ਦਾ ਨੰਬਰ ਆਉਂਦਾ ਹੈ।
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਬੱਲੇਬਾਜ਼ਾਂ ਦੀ ਟੀ -20 ਰੈਂਕਿੰਗ 'ਚ ਪਾਕਿਸਤਾਨ ਦੇ ਬਾਬਰ ਆਜ਼ਮ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਆਸਟਰੇਲੀਆ ਦੇ ਸੀਮਿਤ ਓਵਰਾਂ ਦੇ ਕਪਤਾਨ ਆਰੋਨ ਫਿੰਚ ਤੀਜੇ ਸਥਾਨ 'ਤੇ ਹੈ। ਵਨ ਡੇ ਗੇਂਦਬਾਜ਼ਾਂ ਦੀ ਸੂਚੀ 'ਚ ਭਾਰਤ ਦੇ ਜਸਪ੍ਰੀਤ ਬੁਮਰਾਹ ਚੋਟੀ 'ਤੇ ਹੈ, ਜਦਕਿ ਟੈਸਟ ਰੈਂਕਿੰਗ 'ਚ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਪਹਿਲੇ ਸਥਾਨ 'ਤੇ ਹੈ। ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਟੀ -20 ਗੇਂਦਬਾਜ਼ਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹੈ।
ਟੀਮ ਰੈਂਕਿੰਗ 'ਚ ਭਾਰਤ ਵਨ ਡੇ ਸਵਰੂਪ 'ਚ ਦੂਜੇ ਜਦਕਿ ਟੈਸਟ ਅਤੇ ਟੀ -20 ਸਵਰੂਪ ਦੋਵਾਂ 'ਚ ਤੀਜੇ ਸਥਾਨ 'ਤੇ ਹੈ । ਪਾਕਿਸਤਾਨ ਦੇ ਵਿਰੁੱਧ ਸਾਊਥੰਪਟਨ 'ਚ ਡਰਾਅ ਤੀਜੇ ਤੇ ਆਖਰੀ ਟੈਸਟ ਮੈਚ 'ਚ 267 ਦੌੜਾਂ ਦੀ ਪਾਰੀ ਖੇਡਣ ਵਾਲੇ ਇੰਗਲੈਂਡ ਦੇ ਜੈਕ ਕ੍ਰਾਉਲੀ ਤੇ ਮੈਚ ਵਿਚ 7 ਵਿਕਟਾਂ ਹਾਸਲ ਕਰਨ ਵਾਲੇ ਜੇਮਸ ਐਂਡਰਸਨ ਨੇ ਟੈਸਟ ਰੈਂਕਿੰਗ 'ਚ ਲੰਮੀ ਛਲਾਂਗ ਲਗਾਈ ਹੈ। ਕ੍ਰਾਉਲੀ ਨੇ 53 ਸਥਾਨਾਂ ਦੀ ਛਲਾਂਗ ਲਗਾ ਕੇ ਕਰੀਅਰ ਦੀ ਸਰਵਸ੍ਰੇਸ਼ਠ 28ਵੇਂ ਸਥਾਨ 'ਤੇ ਸਥਾਨ 'ਤੇ ਪਹੁੰਚ ਗਏ ਹਨ। ਕ੍ਰਾਉਲੀ ਨੇ ਸੀਰੀਜ਼ ਦੀ ਸ਼ੁਰੂਆਤ 95ਵੇਂ ਸਥਾਨ ਤੋਂ ਕੀਤੀ ਸੀ ਪਰ ਸੀਰੀਜ਼ 'ਚ 320 ਦੌੜਾਂ ਦੀ ਬਦੌਲਤ ਉਹ ਸਿਰਫ ਅੱਠ ਟੈਸਟ ਤੋਂ ਬਾਅਦ ਬੇਨ ਸਟੋਕਸ, ਜੋ ਰੂਟ ਅਤੇ ਜੋਸ ਬਟਲਰ ਦੇ ਬਾਅਦ ਇੰਗਲੈਂਡ ਦੇ ਚੌਥੇ ਚੋਟੀ ਦੇ ਬੱਲੇਬਾਜ਼ ਬਣ ਗਏ ਹਨ। ਵੈਸਟਇੰਡੀਜ਼ ਵਿਰੁੱਧ ਸੀਰੀਜ਼ ਦੇ ਬਾਅਦ ਚੋਟੀ 10 ਤੋਂ ਬਾਹਰ ਹੋਣ ਦੇ ਬਾਅਦ ਐਂਡਰਸਨ ਇਕ ਵਾਰ ਫਿਰ 6 ਸਥਾਨ ਦੇ ਫਾਇਦੇ ਨਾਲ 8ਵੇਂ ਸਥਾਨ 'ਤੇ ਪਹੁੰਚ ਗਏ ਹਨ।