ਕ੍ਰਿਕਟ ਮੈਚ ਦੌਰਾਨ ਸਟੇਡੀਅਮ 'ਤੇ ਅੱਤਵਾਦੀ ਹਮਲਾ, ਅੰਨ੍ਹੇਵਾਹ ਚਲਾਈਆਂ ਗੋਲੀਆਂ
Saturday, Aug 08, 2020 - 02:23 PM (IST)
ਸਪੋਰਟਸ ਡੈਸਕ– ਪਾਕਿਸਤਾਨ ’ਚ 10 ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ’ਚ ਖਿਡਾਰੀ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹਨ। ਪਰ ਖੈਬਰ ਪਖਤੂਨਖਵਾ ਸੂਬੇ ਦੇ ਓਰਕਜ਼ਈ ਜ਼ਿਲ੍ਹੇ ’ਚ ਖੇਡੇ ਜਾ ਰਹੇ ਲੋਕਲ ਟੂਰਨਾਮੈਂਟ ਦੌਰਾਨ ਸੁਰੱਖਿਆ ਦੀ ਪੋਲ ਉਸ ਸਮੇਂ ਖੁਲ੍ਹ ਗਈ ਜਦੋਂ ਅੱਤਵਾਦੀਆਂ ਨੇ ਚਲਦੇ ਮੈਚ ਦੌਰਾਨ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਲੋਕਾਂ ਅਤੇ ਖਿਡਾਰੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਰਿਪੋਰਟ ਮੁਤਾਬਕ, ਅੱਤਵਾਦੀਆਂ ਨੇ ਸਟੇਡੀਅਮ ’ਤੇ ਹਮਲਾ ਕੀਤਾ ਤਾਂ ਉਸ ਸਮੇਂ ਅਮ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਸੀ। ਮੈਦਾਨ ’ਤੇ ਉਸ ਸਮੇਂ ਪ੍ਰਸ਼ੰਸਕ, ਰਾਜਨੀਤਿਕ ਵਰਕਰ ਅਤੇ ਮੀਡੀਆ ਕਾਮੇਂ ਵੀ ਮੌਜੂਦ ਸਨ। ਫਾਈਨਲ ਮੈਚ ਦੌਰਾਨ ਅੰਨ੍ਹੇਵਾਹ ਗੋਲੀਆਂ ਚੱਲੀਆਂ ਤਾਂ ਲੋਕਾਂ ਨੇ ਉਥੋਂ ਦੌੜ ਕੇ ਆਪਣੀ ਜਾਨ ਬਚਾਈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ, ਮੈਚ ਅਜੇ ਸ਼ੁਰੂ ਵੀ ਨਹੀਂ ਹੋਇਆ ਸੀ ਕਿ ਅੱਤਵਾਦੀਆਂ ਨੇ ਨੇੜੇ ਦੀਆਂ ਪਹਾੜੀਆਂ ਤੋਂ ਖੇਡ ਦੇ ਮੈਦਾਨ ’ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮੈਚ ਵੇਖਣ ਆਏ ਇਕ ਦਰਸ਼ਕ ਨੇ ਇਸ ਘਟਨਾ ਦਾ ਅੱਖੀ ਵੇਖੀਆ ਹਾਲ ਦੱਸਦੇ ਹੋਏ ਕਿਹਾ ਕਿ ਗੋਲੀਬਾਰੀ ਇੰਨੀ ਤੇਜ਼ ਸੀ ਕਿ ਪ੍ਰਬੰਧਕਾਂ ਕੋਲ ਖੇਡ ਨੂੰ ਖ਼ਤਮ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਉਥੇ ਹੀ ਇਸ ਬਾਰੇ ਸਥਾਨਕ ਪੁਲਸ ਨੇ ਕਿਹਾ ਕਿ ਖੇਤਰ ’ਚ ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਨ੍ਹਾਂ ਨੂੰ ਫੜ੍ਹਨ ਲਈ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਾਲ 2009 ’ਚ ਪਾਕਿਸਤਾਨ ਖੇਡਣ ਗਈ ਸ਼੍ਰੀਲੰਕਾ ਦੀ ਕ੍ਰਿਕਟ ਟੀਮ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਬੱਸ ’ਤੇ ਵੀ ਗੋਲੀਆਂ ਚਲਾਈਆਂ ਸਨ। ਇਸ ਤੋਂ ਬਾਅਦ ਪਾਕਿਸਤਾਨ ’ਚ ਅੰਤਰਰਾਸ਼ਟਰੀ ਕ੍ਰਿਕਟ ਬੈਨ ਹੋ ਗਿਆ ਸੀ। ਪਿਛਲੇ ਤਿੰਨ ਸਾਲਾਂ ’ਚ ਸ਼੍ਰੀਲੰਕਾ, ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਨੇ ਪਾਕਿਸਤਾਨ ਦਾ ਦੌਰਾਨ ਕੀਤਾ।