ਬਿਨਾਂ ਮਨਜ਼ੂਰੀ ਦੇ ਦਵਾਈਆਂ ਦੇ ਇਸ਼ਤਿਹਾਰ 'ਚ ਵਰਤਿਆ ਤੇਂਦੁਲਕਰ ਦਾ ਨਾਂ , ਪੁਲਸ ਨੇ ਦਰਜ ਕੀਤੀ FIR
Saturday, May 13, 2023 - 01:50 PM (IST)
 
            
            ਮੁੰਬਈ (ਭਾਸ਼ਾ)- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਨਾਮ, ਫੋਟੋ ਅਤੇ ਆਵਾਜ਼ ਦਾ ਇਸਤੇਮਾਲ ਬਿਨਾਂ ਉਨ੍ਹਾਂ ਦੀ ਇਜਾਜ਼ਤ ਦੇ ਦਵਾਈਆਂ ਦੇ ਇਸ਼ਤਿਹਾਰ ਵਿਚ (ਫਾਰਮਾਸਿਊਟੀਕਲ ਉਤਪਾਦਾਂ ਦੇ ਪ੍ਰਚਾਰ ਵਿਚ) ਕਰਨ 'ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਜਾਣਕਾਰੀ ਸ਼ੁੱਕਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਤੇਂਦੁਲਕਰ ਦੇ ਇਕ ਸਹਿਯੋਗੀ ਨੇ ਇਸ ਸਬੰਧ ਵਿਚ ਵੀਰਵਾਰ ਨੂੰ ਪੱਛਮੀ ਖੇਤਰ ਸਾਈਬਰ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਇਕ ਦਵਾਈ ਕੰਪਨੀ ਦਾ ਆਨਲਾਈਨ ਇਸ਼ਤਿਹਾਰ ਦੇਖਿਆ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਤੇਂਦੁਲਕਰ ਉਸ ਦੇ ਉਤਪਾਦ ਦਾ ਸਮਰਥਨ ਕਰਦੇ ਹਨ।
ਉਨ੍ਹਾਂ ਨੂੰ ਇਕ ਵੈੱਬਸਾਈਟ 'ਸਚਿਨਹੈਲਥ ਡਾਟ ਇਨ' ਦੀ ਵੀ ਜਾਣਕਾਰੀ ਦਿੱਤੀ ਜੋ ਤੇਂਦੁਲਕਰ ਦੀ ਤਸਵੀਰ ਦੀ ਗ਼ਲਤ ਵਰਤੋਂ ਕਰਕੇ ਇਨ੍ਹਾਂ ਉਤਪਾਦਾਂ ਦਾ ਪ੍ਰਚਾਰ ਕਰ ਰਹੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕਿਉਂਕਿ ਤੇਂਦੁਲਕਰ ਨੇ ਕਦੇ ਕੰਪਨੀ ਨੂੰ ਉਨ੍ਹਾਂ ਦੇ ਨਾਮ ਅਤੇ ਤਸਵੀਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਇਸ ਨਾਲ ਉਨ੍ਹਾਂ ਦਾ ਅਕਸ ਖ਼ਰਾਬ ਹੋ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸਹਿਯੋਗੀ ਨੂੰ ਕਾਨੂੰਨੀ ਕਾਰਵਾਈ ਕਰਨ ਦਾ ਹੁਕਮ ਦਿੱਤਾ। ਅਧਿਕਾਰੀ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਐਕਟ ਦੇ ਇਲਾਵਾ ਇੰਡੀਅਨ ਪੀਨਲ ਕੋਡ ਦੀ ਧਾਰਾ 420 (ਧੋਖਾਧੜੀ), 465 (ਜਾਅਲਸਾਜ਼ੀ) ਅਤੇ 500 (ਮਾਨਹਾਨੀ) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            