ਤੇਂਦੁਲਕਰ ਨੇ ਰੋਹਿਤ ਦੇ ਵਿਕਾਸ ਦੀ ਕੀਤੀ ਤਾਰੀਫ, ਪੰਤ ਵੱਲੋਂ ਡ੍ਰੈਸਿੰਗ ਰੂਮ ’ਚ ਸ਼ਲਾਘਾ
Friday, May 09, 2025 - 02:44 PM (IST)

ਮੁੰਬਈ- ਰੋਹਿਤ ਸ਼ਰਮਾ ਨੂੰ ਟੈਸਟ ਕੈਪ ਦੇਣ ਵਾਲੇ ਸਚਿਨ ਤੇਂਦੁਲਕਰ ਨੇ ਰਿਵਾਇਤੀ ਫਾਰਮੈੱਟ ’ਚ ਉਸ ਦੇ ਵਿਕਾਸ ਨੂੰ ਸਲਾਹਿਆ, ਜਦਕਿ ਉਸ ਦੀ ਕਪਤਾਨੀ ’ਚ ਖੇਡਣ ਵਾਲੇ ਨੌਜਵਾਨ ਕ੍ਰਿਕਟਰਾਂ ਨੇ ਡ੍ਰੈਸਿੰਗ ਰੂਮ ’ਚ ਉਸ ਦੇ ਪ੍ਰਭਾਵ ਦੀ ਤਾਰੀਫ ਕੀਤੀ ਹੈ।
ਮਹਾਨ ਬੱਲੇਬਾਜ਼ ਤੇਂਦੁਲਕਰ ਨੇ 2013 ਦੇ ਉਸ ਪਲ ਨੂੰ ਯਾਦ ਕੀਤਾ, ਜਦੋਂ ਉਸ ਨੇ ਰੋਹਿਤ ਨੂੰ ਟੈਸਟ ਕੈਪ ਸਿੱਧੀ ਸੌਂਪੀ ਸੀ। ਉਸੇ ਲੜੀ ’ਚ ਤੇਂਦੁਲਕਰ ਨੇ ਖੇਡ ਨੂੰ ਅਲਵਿਦਾ ਕਿਹਾ ਸੀ। ਤੇਂਦੁਲਕਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਮੈਨੂੰ ਯਾਦ ਹੈ, ਜਦੋਂ 2013 ’ਚ ਈਡਨ ਗਾਰਡਨਜ਼ ’ਤੇ ਤੁਹਾਨੂੰ ਟੈਸਟ ਕੈਪ ਸੌਂਪੀ ਸੀ। ਵਾਨਖੇੜੇ ਸਟੇਡੀਅਮ ਦੀ ਬਾਲਕੋਨੀ ’ਚ ਤੁਹਾਡੇ ਨਾਲ ਖੜ੍ਹੇ ਹੋਣਾ ਵੀ ਯਾਦ ਹੈ। ਤੁਹਾਡਾ ਸਫਰ ਯਾਦਗਾਰ ਰਿਹਾ ਹੈ।
ਰੋਹਿਤ ਨੇ ਕੋਲਕਾਤਾ ’ਚ ਵੈਸਟਇੰਡੀਜ਼ ਖਿਲਾਫ 2 ਮੈਚਾਂ ਦੀ ਲੜੀ ’ਚ ਡੈਬਿਊ ਕਰ ਕੇ 177 ਦੌੜਾਂ ਬਣਾਈਆਂ ਸਨ ਅਤੇ ਮੁੰਬਈ ’ਚ ਤੇਂਦੁਲਕਰ ਦੇ ਆਖਰੀ ਟੈਸਟ ’ਚ ਅਜੇਤੂ 111 ਦੌੜਾਂ ਬਣਾਈਆਂ ਸਨ।
ਤੇਂਦੁਲਕਰ ਨੇ ਕਿਹਾ ਕਿ ਉੱਥੋਂ ਹੁਣ ਤੱਕ ਤੁਸੀਂ ਬਤੌਰ ਖਿਡਾਰੀ ਅਤੇ ਕਪਤਾਨ ਭਾਰਤੀ ਕ੍ਰਿਕਟ ਨੂੰ ਆਪਣਾ ਸਰਵਸ਼੍ਰੇਸ਼ਠ ਦਿੱਤਾ ਹੈ। ਤੁਹਾਨੂੰ ਟੈਸਟ ਕਰੀਅਰ ਲਈ ਵਧਾਈ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ।
ਉੱਥੇ ਹੀ ਰਿਸ਼ਭ ਪੰਤ ਨੇ ਲਿਖਿਆ ਕਿ ਤੁਹਾਡੀ ਮੌਜੂਦਗੀ ਅਤੇ ਪ੍ਰਭਾਵ ਡ੍ਰੈਸਿੰਗ ਰੂਮ ’ਚ ਹਮੇਸ਼ਾ ਗੂੰਜਦੀ ਰਹੇਗਾ। ਯਸ਼ਸਵੀ ਜਾਇਸਵਾਲ ਨੇ ਲਿਖਿਆ, ‘‘ਰੋਹਿਤ ਭਰਾ। ਸਫੇਦ ਜਰਸੀ ’ਚ ਤੁਹਾਡੇ ਨਾਲ ਕ੍ਰੀਜ਼ ’ਤੇ ਰਹਿਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ। ਸ਼ੁੱਕਰੀਆ।’’ ਪਿਛਲੇ ਸਾਲ ਟੀ-20 ਕ੍ਰਿਕਟ ਤੋਂ ਵਿਦਾਈ ਲੈ ਚੁੱਕੇ ਰੋਹਿਤ ਨੇ 12 ਸੈਂਕੜੇ ਅਤੇ 18 ਅਰਧ-ਸੈਂਕੜਿਆਂ ਸਮੇਤ 4301 ਟੈਸਟ ਦੌੜਾਂ ਬਣਾਈਆਂ ਹਨ।