ਬੰਗਲਾਦੇਸ਼ ਦੀ T20 WC ''ਚ ਵਾਪਸੀ! ਹੁਣ ਪਾਕਿ ''ਤੇ ਲਟਕੀ ਬਾਹਰ ਹੋਣ ਦੀ ਤਲਵਾਰ
Tuesday, Jan 27, 2026 - 12:18 PM (IST)
ਨਵੀਂ ਦਿੱਲੀ/ਇਸਲਾਮਾਬਾਦ : ਆਈਸੀਸੀ ਟੀ-20 ਵਿਸ਼ਵ ਕੱਪ 2026 ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ, ਪਰ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਅਜੇ ਤੱਕ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਹਾਮੀ ਨਹੀਂ ਭਰੀ ਹੈ। ਪੀਸੀਬੀ ਦੀ ਇਸ ਅਨਿਸ਼ਚਿਤਤਾ ਕਾਰਨ ਕ੍ਰਿਕਟ ਜਗਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ, ਪਾਕਿਸਤਾਨ ਭਾਰਤ ਦੇ ਖਿਲਾਫ ਹੋਣ ਵਾਲੇ ਮੈਚ ਦੇ ਬਾਈਕਾਟ ਬਾਰੇ ਵੀ ਵਿਚਾਰ ਕਰ ਰਿਹਾ ਹੈ।
ਆਈਸੀਸੀ ਦੀ ਸਖ਼ਤ ਚੇਤਾਵਨੀ ਅਤੇ ਪੀਸੀਬੀ ਦੀ ਰਣਨੀਤੀ
ਪੀਸੀਬੀ ਚੀਫ਼ ਮੋਹਸਿਨ ਨਕਵੀ ਨੇ ਹਾਲ ਹੀ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਹੈ, ਪਰ ਵਿਸ਼ਵ ਕੱਪ ਵਿੱਚ ਖੇਡਣ ਬਾਰੇ ਅਜੇ ਵੀ ਪੱਤੇ ਨਹੀਂ ਖੋਲ੍ਹੇ। ਪਾਕਿਸਤਾਨ ਇਸ ਮਾਮਲੇ 'ਤੇ ਅੰਤਿਮ ਫੈਸਲਾ ਸ਼ੁੱਕਰਵਾਰ ਜਾਂ ਸੋਮਵਾਰ ਤੱਕ ਲੈ ਸਕਦਾ ਹੈ। ਦੂਜੇ ਪਾਸੇ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਉਹ ਟੂਰਨਾਮੈਂਟ ਤੋਂ ਪਿੱਛੇ ਹਟਦਾ ਹੈ, ਤਾਂ ਉਸ 'ਤੇ ਵੱਡੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ, ਜਿਸ ਨਾਲ ਪਾਕਿਸਤਾਨ ਸੁਪਰ ਲੀਗ (PSL) ਦਾ ਭਵਿੱਖ ਵੀ ਖਤਰੇ ਵਿੱਚ ਪੈ ਸਕਦਾ ਹੈ।
ਬੰਗਲਾਦੇਸ਼ ਦੀ ਕਿਸਮਤ ਚਮਕਣ ਦੀ ਉਮੀਦ
ਜੇਕਰ ਪਾਕਿਸਤਾਨ ਵਿਸ਼ਵ ਕੱਪ ਦਾ ਬਾਈਕਾਟ ਕਰਦਾ ਹੈ, ਤਾਂ ਆਈਸੀਸੀ ਬੰਗਲਾਦੇਸ਼ ਨੂੰ ਵਾਪਸ ਟੂਰਨਾਮੈਂਟ ਵਿੱਚ ਬੁਲਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਰਿਹਾ ਸੀ ਅਤੇ ਸ਼੍ਰੀਲੰਕਾ ਵਿੱਚ ਮੈਚ ਕਰਵਾਉਣ ਦੀ ਮੰਗ ਕਰ ਰਿਹਾ ਸੀ। ਕਿਉਂਕਿ ਪਾਕਿਸਤਾਨ ਦੇ ਗਰੁੱਪ ਮੈਚ ਸ਼੍ਰੀਲੰਕਾ ਵਿੱਚ ਤੈਅ ਹਨ, ਇਸ ਲਈ ਬੰਗਲਾਦੇਸ਼ ਦੀ ਐਂਟਰੀ ਨਾਲ ਆਈਸੀਸੀ ਲਈ ਇਹ ਮਸਲਾ ਹੱਲ ਹੋ ਸਕਦਾ ਹੈ।
