ਤੇਲੰਗਾਨਾ ਦੇ ਧਨੁਸ਼ ਦਾ ਡਬਲ ਗੋਲਡ, ਭਾਰਤ ਦੇ 68 ਤਮਗੇ
Wednesday, Nov 13, 2019 - 01:44 AM (IST)

ਦੋਹਾ- ਤੇਲੰਗਾਨਾ ਦੇ ਪ੍ਰਤਿਭਾਸ਼ਾਲੀ ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਨੇ ਭਾਰਤ ਲਈ ਆਪਣਾ ਜੂਨੀਅਰ ਡੈਬਿਊ ਸ਼ਾਨਦਾਰ ਅੰਦਾਜ਼ ਵਿਚ ਕਰਦਿਆਂ ਇੱਥੇ 14ਵੀਂ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਰਾਈਫਲ ਪੁਰਸ਼ ਜੂਨੀਅਰ ਪ੍ਰਤੀਯੋਗਿਤਾ ਵਿਚ ਮੰਗਲਵਾਰ ਨੂੰ ਵਿਅਕਤੀਗਤ ਤੇ ਟੀਮ ਵਰਗ ਦੋਵਾਂ ਵਿਚ ਸੋਨ ਤਮਗੇ ਜਿੱਤ ਲਏ। ਭਾਰਤ ਇਸ ਚੈਂਪੀਅਨਸ਼ਿਪ ਵਿਚ ਹੁਣ ਤਕ ਕੁਲ 68 ਤਮਗੇ ਜਿੱਤ ਚੁੱਕਾ ਹੈ, ਜਿਸ ਵਿਚ 24 ਸੋਨ, 22 ਚਾਂਦੀ ਤੇ 22 ਕਾਂਸੀ ਤਮਗੇ ਸ਼ਾਮਲ ਹਨ। ਧਨੁਸ਼ ਨੇ 625.3 ਦੇ ਸਕੋਰ ਦੇ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਤੇ ਅੱਠ ਨਿਸ਼ਾਨੇਬਾਜ਼ਾਂ ਦੇ 24 ਸ਼ਾਟ ਦੇ ਫਾਈਨਲ 'ਚ 248.2 ਦਾ ਸਕੋਰ ਕਰ ਸੋਨ ਤਮਗਾ ਜਿੱਤਿਆ। ਭਾਰਤ ਦੇ ਸ਼ਾਹੂ ਤੁਸ਼ਾਰ ਮਾਨੇ ਨੇ 226.4 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ ਜਦਕਿ ਹਜ਼ਾਰਿਕਾ ਨੂੰ 7ਵਾਂ ਸਥਾਨ ਮਿਲਿਆ। ਭਾਰਤੀ ਤਿਕੜੀ ਨੇ 1877.1 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ।