IPL 2023: ਟਾਪ ਪੁਜੀਸ਼ਨ ’ਤੇ ਦਾਅਵਾ ਮਜ਼ਬੂਤ ਕਰਨ ਲਈ ਭਿੜਨਗੇ ਰਾਜਸਥਾਨ ਰਾਇਲਸ ਅਤੇ ਗੁਜਰਾਤ ਟਾਈਟਨਸ

Friday, May 05, 2023 - 10:58 AM (IST)

IPL 2023: ਟਾਪ ਪੁਜੀਸ਼ਨ ’ਤੇ ਦਾਅਵਾ ਮਜ਼ਬੂਤ ਕਰਨ ਲਈ ਭਿੜਨਗੇ ਰਾਜਸਥਾਨ ਰਾਇਲਸ ਅਤੇ ਗੁਜਰਾਤ ਟਾਈਟਨਸ

ਜੈਪੁਰ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ ਦੀ ਸੂਚੀ ’ਚ ਟਾਪ ’ਤੇ ਕਾਬਿਜ਼ ਗੁਜਰਾਤ ਟਾਈਟਨਸ ਦੀ ਟੀਮ ਸ਼ੁੱਕਰਵਾਰ ਨੂੰ ਆਪਣੇ ਅਗਲੇ ਮੁਕਾਬਲੇ ’ਚ ਜਦੋਂ ਰਾਜਸਥਾਨ ਰਾਇਲਸ ਖਿਲਾਫ ਉਸ ਦੇ ਘਰੇਲੂ ਮੈਦਾਨ ’ਚ ਉਤਰੇਗੀ ਤਾਂ ਉਸ ਨੂੰ ਆਪਣੇ ਟਾਪ ਕ੍ਰਮ ਦੇ ਬੱਲੇਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੋਵੇਗੀ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਇਹ ਟੀਮ ਘੱਟ ਸਕੋਰ ਵਾਲੇ ਆਪਣੇ ਪਿਛਲੇ ਮੁਕਾਬਲੇ ’ਚ ਦਿੱਲੀ ਕੈਪੀਟਲਸ ਕੋਲੋਂ 5 ਦੌੜਾਂ ਨਾਲ ਹਾਰ ਗਈ ਸੀ। ਟੀਮ 12 ਅੰਕਾਂ ਦੇ ਨਾਲ ਸੂਚੀ ’ਚ ਟਾਪ ਸਥਾਨ ’ਤੇ ਹੈ, ਜਦੋਂਕਿ ਰਾਜਸਥਾਨ 10 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਕਾਬਿਜ਼ ਹੈ।

ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਸ ’ਚ ਵੀ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਟੀਮ ਲਗਾਤਾਰ ਜਿੱਤ ਦਰਜ ਕਰਨ ’ਚ ਫੇਲ ਰਹੀ ਹੈ। ਪਿਛਲੇ 6 ਮੈਚਾਂ ’ਚ ਟੀਮ 3 ਮੁਕਾਬਲਿਆਂ ’ਚ ਜਿੱਤੀ ਹੈ, ਜਦਕਿ 3 ਮੈਚਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਸਥਾਨ ਰਾਇਲਸ ਦੇ ਨਾਲ ਸਮੱਸਿਆ ਗੇਂਦਬਾਜ਼ੀ ’ਚ ਜ਼ਿਆਦਾ ਹੈ। ਟੀਮ ਪਿਛਲੇ ਮੈਚ ’ਚ ਮੁੰਬਈ ਖਿਲਾਫ 212 ਦੌੜਾਂ ਦੇ ਵੱਡੇ ਟੀਚੇ ਦਾ ਬਚਾਅ ਕਰਨ ’ਚ ਨਾਕਾਮ ਰਹੀ ਸੀ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ, ਆਲਰਾਊਂਡਰ ਜੇਸਨ ਹੋਲਡਰ, ਸਪਿਨਰ ਯੁਜਵਿੰਦਰ ਚਹਿਲ ਅਤੇ ਕੁਲਦੀਪ ਸੇਨ ਨੇ ਉਸ ਮੈਚ ’ਚ ਖੂਬ ਦੌੜਾਂ ਦਿੱਤੀਆਂ ਸਨ। ਉਸ ਨੂੰ ਸ਼ੁੱਕਰਵਾਰ ਘਰੇਲੂ ਮੈਦਾਨ ’ਚ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਰਾਇਲਸ ਨੂੰ ਇਸ ਗੱਲ ਦੀ ਥੋੜੀ ਰਾਹਤ ਮਿਲ ਸਕਦੀ ਹੈ ਕਿ ਸੈਸ਼ਨ ਦੀ ਸ਼ੁਰੂਆਤ ’ਚ ਉਸ ਨੇ ਗੁਜਰਾਤ ਟਾਈਟਨਸ ਖਿਲਾਫ ਜਿੱਤ ਹਾਸਲ ਕੀਤੀ ਸੀ।

ਰਾਜਸਥਾਨ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ। ਪਿਛਲੇ ਮੈਚ ’ਚ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਯਸ਼ਵਸੀ ਜਾਇਸਵਾਲ ਤੋਂ ਇਲਾਵਾ ਜੋਸ ਬਟਲਰ, ਸੰਜੂ ਸੈਮਸਨ ਅਤੇ ਸ਼ਿਮਰੋਨ ਹੇਟਮੇਅਰ ਦੀ ਤਿੱਕੜੀ ਆਪਣੇ ਦਮ ’ਤੇ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦੀ ਹੈ। ਇਸ ਬੱਲੇਬਾਜ਼ੀ ਇਕਾਈ ਨੂੰ ਹਾਲਾਂਕਿ ਮੁਹੰਮਦ ਸ਼ੰਮੀ ਅਤੇ ਰਾਸ਼ਿਦ ਖਾਨ ਦੀ ਅਗਵਾਈ ਵਾਲੇ ਗੇਂਦਬਾਜ਼ੀ ਹਮਲੇ ਖਿਲਾਫ ਕਾਫੀ ਚੌਕਸ ਰਹਿਣਾ ਹੋਵੇਗਾ। ਰਾਜਸਥਾਨ ਦੀ ਟੀਮ ਜੇਕਰ ਇਸ ਮੈਚ ਨੂੰ ਜਿੱਤਦੀ ਹੈ ਤਾਂ ਟੀਮ ਵਧੀਆ ਨੈੱਟ ਰਨ ਰੇਟ (800) ਕਾਰਨ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਜਾਵੇਗੀ।


author

cherry

Content Editor

Related News