WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ
Monday, Jun 14, 2021 - 07:59 PM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਨੂੰ ਜਿੱਤਣ ਵਾਲੀ ਟੀਮ ਨੂੰ ਟੈਸਟ ਚੈਂਪੀਅਨਸ਼ਿਪ ਦੇ ਨਾਲ 16 ਲੱਖ ਡਾਲਰ (ਲਗਭਗ 11.72 ਕਰੋੜ ਰੁਪਏ) ਦੀ ਪੁਰਸਕਾਰ ਰਾਸ਼ੀ ਮਿਲੇਗੀ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ 18 ਜੂਨ ਤੋਂ ਸਾਊਥੰਪਟਨ ਵਿਚ ਇਸ ਖਿਤਾਬ ਦੇ ਲਈ ਭਿੜਣਗੀਆਂ। ਆਈ. ਸੀ. ਸੀ. ਤੋਂ ਜਾਰੀ ਬਿਆਨ ਦੇ ਅਨੁਸਾਰ ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਜੇਤੂ ਨੂੰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਨਾਲ 16 ਲੱਖ ਡਾਲਰ ਪੁਰਸਕਾਰ ਦੇ ਤੌਰ 'ਤੇ ਮਿਲਣਗੇ।
ਉਨ੍ਹਾਂ ਨੇ ਕਿਹਾ ਕਿ ਲਗਭਗ ਦੋ ਸਾਲ ਦੇ ਚਕਰ 'ਚ ਖੇਡੇ ਗਏ ਇਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਰਾਉਣ ਵਾਲੀ ਟੀਮ ਨੂੰ 9 ਟੀਮ ਮੁਕਾਬਲੇ ਵਿਚ ਦੂਜੇ ਸਥਾਨ 'ਤੇ ਰਹਿਣ ਦੇ ਲਈ 8 ਲੱਖ ਡਾਲਰ (ਲਗਭਗ 5.86 ਕਰੋੜ ਰੁਪਏ) ਮਿਲਣਗੇ। ਇਸ ਮੁਕਾਬਲੇ ਨਾਲ ਟੈਸਟ ਕ੍ਰਿਕਟ ਦਾ ਮਹੱਤਵ ਵਧ ਜਾਵੇਗਾ ਅਤੇ ਖੇਡ ਦੇ ਸਭ ਤੋਂ ਲੰਬੇ ਸਵਰੂਪ 'ਚ ਪਹਿਲੇ ਅਧਿਕਾਰਤ ਵਿਸ਼ਵ ਚੈਂਪੀਅਨ ਦਾ ਤਾਜ ਪਹਿਨਾਇਆ ਜਾਵੇਗਾ।
ਆਈ. ਸੀ. ਸੀ. ਨੇ ਕਿਹਾ ਕਿ 9 ਟੀਮਾਂ ਦੇ ਵਿਚ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 4.5 ਲੱਖ ਡਾਲਰ (ਲਗਭਗ 3.3 ਕਰੋੜ ਰੁਪਏ) ਦਾ ਚੈੱਕ ਮਿਲੇਗਾ, ਜਦਕਿ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਦੇ ਲਈ ਪੁਰਸਕਾਰ ਰਾਸ਼ੀ 3.5 ਲੱਖ ਡਾਲਰ (ਲਗਭਗ 2.5 ਕਰੋੜ ਰੁਪਏ) ਹੋਵੇਗੀ। 5ਵੇਂ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 2 ਲੱਖ ਡਾਲਰ (ਲਗਭਗ 1.46 ਕਰੋੜ ਰੁਪਏ) ਜਦਕਿ ਬਾਕੀ ਰਹਿੰਦੀਆਂ ਟੀਮਾਂ ਨੂੰ 1-1 ਲੱਖ ਡਾਲਰ (ਲਗਭਗ 73 ਲੱਖ ਰੁਪਏ) ਦਿੱਤੇ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।