15 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ ਟੀਮ ਇੰਡੀਆ!

Saturday, Oct 15, 2022 - 12:42 PM (IST)

15 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰੇਗੀ ਟੀਮ ਇੰਡੀਆ!

ਨਵੀਂ ਦਿੱਲੀ (ਭਾਸ਼ਾ) - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 18 ਅਕਤੂਬਰ ਨੂੰ ਮੁੰਬਈ ’ਚ ਹੋਣ ਵਾਲੀ ਸਾਲਾਨਾ ਆਮ ਮੀਟਿੰਗ (ਏ.ਜੀ.ਐੱਮ.) ਤੋਂ ਪਹਿਲਾਂ ਸੰਕੇਤ ਦਿੱਤਾ ਹੈ ਕਿ ਟੀਮ 15 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ। ਬੀ.ਸੀ.ਸੀ.ਆਈ. ਨੇ ਆਪਣੀਆਂ ਸਾਰੀਆਂ ਰਾਜ ਇਕਾਈਆਂ ਦੇ ਪ੍ਰਤੀਨਿਧੀਆਂ ਨਾਲ ਪਿਛਲੇ ਇਕ ਸਾਲ ਦੌਰਾਨ ਕੀਤੇ ਗਏ ਕੰਮਾਂ ਦੇ ਨਾਲ-ਨਾਲ ਭਵਿੱਖ ਦੀਆਂ ਯੋਜਨਾਵਾਂ ਤੇ ਰਾਸ਼ਟਰੀ ਟੀਮ ਦੇ ਵਿਦੇਸ਼ੀ ਦੌਰਿਆ ਦੇ ਪ੍ਰੋਗਰਾਮ ਨੂੰ ਸਾਂਝਾ ਕੀਤਾ ਹੈ, ਜਿਸ ’ਚ ਅਗਲੇ ਸਾਲ ਪਾਕਿਸਤਾਨ ’ਚ ਏਸ਼ੀਆ ਕੱਪ ਦਾ ਜ਼ਿਕਰ ਵੀ ਸ਼ਾਮਲ ਹੈ।

ਇਸ ਰਿਪੋਰਟ ਅਨੁਸਾਰ ਭਾਰਤੀ ਟੀਮ ਅਗਲੇ ਸਾਲ ਦੌਰਾਨ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ (ਦੱਖਣੀ ਅਫਰੀਕਾ), ਆਈ.ਸੀ.ਸੀ. ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ (ਦੱਖਣੀ ਅਫਰੀਕਾ), ਏਸ਼ੀਆ ਕੱਪ (ਪਾਕਿਸਤਾਨ)ਅਤੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ’ਚ ਹਿੱਸਾ ਲਵੇਗੀ। ਇੰਗਲੈਂਡ, ਆਸਟ੍ਰੇਲੀਆ, ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਨੇ ਪਿਛਲੇ ਕੁਝ ਸਾਲਾਂ ’ਚ ਪਾਕਿਸਤਾਨ ਦਾ ਦੌਰਾ ਕੀਤੈ ਹੈ। ਅਜਿਹੇ ’ਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬੀ.ਸੀ.ਸੀ. ਦੀ ਟੀਮ ਨੂੰ ਪਾਕਿਸਤਾਨ ਦਾ ਸਫ਼ਰ ਕਰਨ ਦੀ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ।

ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ‘ਜ਼ਾਹਿਰ ਹੈ ਕਿ ਜਦੋਂ ਸਮਾਂ ਆਵੇਗਾ ਤਾਂ ਇਸ ’ਤੇ ਸਰਕਾਰ ਨੂੰ ਫ਼ੈਸਲਾ ਕਰਨਾ ਪਵੇਗਾ। ਇਸ ’ਚ ਇਕ ਪਹਿਲੂ ਇਹ ਹੈ ਕਿ ਸਰਕਾਰ ਵਿਸ਼ਵ ਤੇ ਮਹਾਦੀਪੀ ਟੂਰਨਾਮੈਂਟਾਂ ’ਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਨਹੀਂ ਰੋਕਦੀ ਹੈ। ਅਜਿਹੇ ’ਚ ਇਸ ਗੱਲ ਦੀ ਸੰਭਾਵਨਾ ਹੈ ਕਿ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਕਰੇ ਪਰ ਇਸ ਮਾਮਲੇ ’ਚ ਪੂਰੀ ਤਰ੍ਹਾਂ ਕੁਝ ਕਹਿਣਾ ਕਾਫ਼ੀ ਜਲਦਬਾਜ਼ੀ ਹੋਵੇਗੀ।’’

ਭਾਰਤ ਨੇ ਆਖਰੀ ਵਾਰ 2008 ’ਚ ਕੀਤਾ ਸੀ ਪਾਕਿ ਦਾ ਦੌਰਾ
ਦੋਵੇਂ ਗੁਆਂਢੀ ਦੇਸ਼ਾਂ ਨੇ ਆਖਰੀ ਵਾਰ 2012 ’ਚ ਸੀਮਤ ਓਵਰਾਂ ਦੀ ਦੋ-ਪੱਖੀ ਲੜੀ ਖੇਡੀ ਸੀ। ਉਦੋਂ ਪਾਕਿਸਤਾਨ ਨੇ 3 ਟੀ-20 ਕੌਮਾਂਤਰੀ ਤੇ ਇੰਨੇ ਹੀ ਵਨ-ਡੇ ਮੈਚਾਂ ਲਈ ਭਾਰਤ ਦੀ ਯਾਤਰਾ ਕੀਤੀ ਸੀ। ਭਾਰਤ ਨੇ ਆਖਰੀ ਵਾਰ 2008 ’ਚ 50 ਓਵਰਾਂ ਦੇ ਏਸ਼ੀਆ ਕੱਪ ਲਈ ਪਾਕਿਸਤਾਨ ਦੀ ਯਾਤਰਾ ਕੀਤੀ ਸੀ। ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਦੇ ਕਾਰਨ ਦੋ-ਪੱਖੀ ਕ੍ਰਿਕਟ ਸਬੰਧ ਠੱਪ ਪਏ ਹੋਏ ਹਨ।

ਜੈ ਸ਼ਾਹ ਹਨ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੇ ਮੁਖੀ
ਬੀ.ਸੀ.ਸੀ.ਆਈ. ਦਾ ਸਕੱਤਰ ਜੈ ਸ਼ਾਹ ਫਿਲਹਾਲ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦਾ ਮੁਖੀ ਹੈ। ਇਸ ਮਾਮਲੇ ਦੇ ਸਬੰਧ ’ਚ ਉਸ ਦੇ ਫ਼ੈਸਲੇ ਦਾ ਕਾਫ਼ੀ ਅਸਰ ਪਵੇਗਾ।


author

rajwinder kaur

Content Editor

Related News