ਸੀਰੀਜ਼ ''ਤੇ ਕਬਜ਼ਾ ਕਰਨ ਉਤਰੇਗੀ ਟੀਮ ਇੰਡੀਆ

Monday, Jan 28, 2019 - 01:17 AM (IST)

ਸੀਰੀਜ਼ ''ਤੇ ਕਬਜ਼ਾ ਕਰਨ ਉਤਰੇਗੀ ਟੀਮ ਇੰਡੀਆ

ਮਾਓਂਟ ਮੌਂਗਾਨੂਈ- ਭਾਰਤੀ ਟੀਮ ਆਸਟਰੇਲੀਆ ਵਿਚ ਆਪਣੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿਚ ਵੀ ਵਨ ਡੇ ਵਿਚ ਆਪਣੀ ਜੈਤੂ ਲੈਅ ਨੂੰ ਬਰਕਰਾਰ ਰੱਖੇਗੀ ਤੇ ਉਸਦਾ ਟੀਚਾ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾਉਣ ਦਾ ਹੋਵੇਗਾ।  ਕਪਤਾਨ ਵਿਰਾਟ ਕੋਹਲੀ ਤੀਜੇ ਵਨ ਡੇ ਵਿਚ ਹੀ ਸੀਰੀਜ਼ ਦਾ ਨਿਪਟਾਰਾ ਕਰਨਾ ਚਾਹੇਗਾ ਕਿਉਂਕਿ ਉਸ ਨੂੰ ਸੀਰੀਜ਼ ਦੇ ਆਖਰੀ ਦੋ ਵਨ ਡੇ ਤੇ ਉਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਭਾਰਤ ਨੇ ਪਹਿਲੇ ਦੋ ਮੈਚਾਂ ਵਿਚ ਮੇਜ਼ਬਾਨ ਟੀਮ ਨੂੰ ਆਸਾਨੀ ਨਾਲ ਹਰਾ ਦਿੱਤਾ ਹੈ। ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਨੇਪੀਅਰ ਵਿਚ 8 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਇੱਥੇ ਉਸਨੇ ਦੂਜੇ ਵਨ ਡੇ ਵਿਚ 90 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਦੋਵਾਂ ਹੀ ਮੈਚਾਂ ਵਿਚ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਬਹੁਤ ਹੀ ਮਾੜੀ ਰਹੀ, ਜਦਕਿ ਇਸ ਸੀਰੀਜ਼ ਤੋਂ ਪਹਿਲਾਂ ਉਸ ਨੇ ਸ਼੍ਰੀਲੰਕਾ ਦਾ ਵਨ ਡੇ ਸੀਰੀਜ਼ ਵਿਚ 3-0 ਨਾਲ ਸਫਾਇਆ ਕੀਤਾ ਸੀ।
ਭਾਰਤੀ ਕਪਤਾਨ ਤੀਜੇ ਮੈਚ ਵਿਚ ਵੀ ਉਸੇ ਟੀਮ ਨਾਲ ਉਤਰਨਾ ਚਾਹੇਗਾ, ਜਿਸ ਨੇ ਦੂਜਾ ਮੈਚ ਬਹੁਤ ਹੀ ਆਸਾਨੀ ਨਾਲ ਜਿੱਤਿਆ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਮੈਨੇਜਮੈਂਟ ਆਖਰੀ-11 ਵਿਚ ਕੋਈ ਬਦਲਾਅ ਕਰਦੀ ਹੈ ਜਾਂ ਨਹੀਂ। ਆਲਰਾਊਂਡਰ ਹਾਰਦਿਕ ਪੰਡਯਾ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਕਿ ਉਸ ਨੂੰ ਆਖਰੀ-11 ਵਿਚ ਮੌਕਾ ਮਿਲੇਗਾ ਜਾਂ ਨਹੀਂ। ਬੀ. ਸੀ. ਸੀ. ਆਈ. ਨੇ ਪੰਡਯਾ 'ਤੇ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਲੱਗੀ ਪਾਬੰਦੀ ਹਟਾ ਲਈ ਹੈ ਤਾਂ ਕਿ ਉਹ ਨਿਊਜ਼ੀਲੈਂਡ ਵਿਚ ਟੀਮ ਨਾਲ ਜੁੜ ਸਕੇ। ਪੰਡਯਾ ਨੂੰ ਇਸ ਮਾਮਲੇ ਤੋਂ ਬਾਅਦ ਆਸਟਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਜੇਕਰ ਟੀਮ ਮੈਨੇਜਮੈਂਟ ਪੰਡਯਾ ਨੂੰ ਆਖਰੀ-11 ਵਿਚ ਸ਼ਾਮਲ ਕਰਨ ਦਾ ਫੈਸਲਾ ਕਰਦੀ ਹੈ ਤਾਂ ਆਲਰਾਊਂਡਰ ਵਿਜੇ ਸ਼ੰਕਰ ਨੂੰ ਬਾਹਰ ਬੈਠਣਾ ਪੈ ਸਕਦਾ ਹੈ, ਜਿਸ ਨੂੰ ਅਜੇ ਤਕ ਖੁਦ ਨੂੰ ਸਾਬਤ ਕਰਨ ਦਾ ਪੂਰਾ ਮੌਕਾ ਨਹੀਂ ਮਿਲ ਸਕਿਆ।


Related News