ਭਾਰਤ ਦੇ 5 ਅਜਿਹੇ ਕ੍ਰਿਕਟਰ ਜਿਨ੍ਹਾਂ ਨੇ ਬੰਗਲਾਦੇਸ਼ ਖਿਲਾਫ ਜਿੱਤ 'ਚ ਨਿਭਾਈ ਅਹਿਮ ਭੂਮਿਕਾ
Monday, Nov 11, 2019 - 12:14 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਨੇ ਤੀਜੇ ਅਤੇ ਆਖ਼ਰੀ ਟੀ-20 ਮੁਕਾਬਲੇ 'ਚ ਬੰਗਲਾਦੇਸ਼ ਨੂੰ 30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਆਪਣੇ ਨਾਂ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ ਪੰਜ ਵਿਕਟ ਦੇ ਨੁਕਸਾਨ 'ਤੇ 174 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਟੀਮ ਨਿਰਧਾਰਤ ਓਵਰਾਂ 'ਚ 144 ਦੌੜਾਂ ਬਣਾ ਸਕੀ ਅਤੇ ਮੈਚ ਹਾਰ ਗਈ। ਆਓ ਜਾਣਦੇ ਹਾਂ ਇਸ ਮੈਚ ਦੇ ਪੰਜ ਹੀਰੋ ਕੌਣ ਰਹੇ—
1. ਦੀਪਕ ਚਾਹਰ
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਅੱਗੇ ਬੰਗਲਾਦੇਸ਼ੀ ਬੱਲੇਬਾਜ਼ ਗੋਡੇ ਟੇਕਦੇ ਨਜ਼ਰ ਆਏ। ਚਾਹਰ ਨੇ ਹੈਟ੍ਰਿਕ ਦੇ ਨਾਲ 3.2 ਓਵਰ 'ਚ 7 ਦੌੜਾਂ ਦੇ ਕੇ 6 ਵਿਕਟ ਲਏ। ਇਸ ਦੇ ਨਾਲ ਹੀ ਚਾਹਰ ਟੀ-20 ਕੌਮਾਂਤਰੀ ਕ੍ਰਿਕਟ 'ਚ ਹੈਟ੍ਰਿਕ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ।
2. ਸ਼੍ਰੇਅਸ ਅਈਅਰ
ਰੋਹਿਤ ਅਤੇ ਧਵਨ ਦੇ ਆਊਟ ਹੋਣ ਦੇ ਬਾਅਦ ਸ਼੍ਰੇਅਸ ਅਈਅਰ ਨੇ ਭਾਰਤ ਵੱਲੋਂ ਧਮਾਕੇਦਾਰ ਪਾਰੀ ਖੇਡੀ। ਅਈਅਰ ਨੇ 33 ਗੇਂਦਾਂ 'ਚ ਤਿੰਨ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 62 ਦੌੜਾਂ ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ ਟੀ-20 ਕੌਮਾਂਤਰੀ ਕ੍ਰਿਕਟ 'ਚ ਪਹਿਲਾ ਅਰਧ ਸੈਂਕੜਾ ਜਮਾਇਆ।
3. ਕੇ. ਐੱਲ. ਰਾਹੁਲ
ਕੇ. ਐੱਲ. ਰਾਹੁਲ ਦਾ ਵੀ ਬੱਲਾ ਖੂਬ ਚਲਿਆ। ਉਨ੍ਹਾਂ ਨੇ 35 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 52 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 148.57 ਦਾ ਸੀ। ਤੀਜੇ ਵਿਕਟ ਲਈ ਰਾਹੁਲ ਅਤੇ ਅਈਅਰ ਵਿਚਾਲੇ 59 ਦੌੜਾਂ ਦੀ ਸ਼ਾਂਝੇਦਾਰੀ ਹੋਈ।
4. ਸ਼ਿਵਮ ਦੂਬੇ
ਸ਼ਿਵਮ ਦੂਬੇ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਚਾਰ ਓਵਰ 'ਚ 30 ਦੌੜਾਂ ਦੇ ਕੇ ਤਿੰਨ ਮਹੱਤਵਪੂਰਨ ਵਿਕਟ ਝਟਕੇ। ਦੂਬੇ ਨੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੂੰ ਆਊਟ ਕਰਕੇ ਟੀ-20 ਕੌਮਾਂਤਰੀ ਕ੍ਰਿਕਟ 'ਚ ਆਪਣਾ ਪਹਿਲਾ ਵਿਕਟ ਹਾਸਲ ਕੀਤਾ।
5. ਮਨੀਸ਼ ਪਾਂਡੇ
ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡ ਰਹੇ ਮਿਡਲ ਆਰਡਰ ਦੇ ਬੱਲੇਬਾਜ਼ ਮਨੀਸ਼ ਪਾਂਡੇ ਨੇ 13 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ ਤੇਜ਼ 22 ਦੌੜਾਂ ਬਣਾਈਆਂ।