WI vs IND: ਟੀਮ ਇੰਡੀਆ ਨੇ ਚੌਥਾ T-20I 59 ਦੌੜਾਂ ਨਾਲ ਜਿੱਤਿਆ, ਸੀਰੀਜ਼ 'ਚ 3-1 ਦੀ ਅਜੇਤੂ ਬੜ੍ਹਤ

08/07/2022 1:34:54 AM

ਸਪੋਰਟਸ ਡੈਸਕ : ਟੀਮ ਇੰਡੀਆ ਨੇ ਵਿੰਡੀਜ਼ ਖਿਲਾਫ਼ 5 ਮੈਚਾਂ ਦੀ ਟੀ-20 ਸੀਰੀਜ਼ 'ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਅਮਰੀਕਾ ਦੇ ਫਲੋਰਿਡਾ 'ਚ ਖੇਡੇ ਗਏ ਸੀਰੀਜ਼ ਦੇ ਚੌਥੇ ਮੈਚ 'ਚ ਵਿੰਡੀਜ਼ ਨੂੰ 59 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਪਹਿਲਾਂ ਖੇਡਦਿਆਂ ਪੰਤ ਦੀਆਂ 44 ਅਤੇ ਸੈਮਸਨ ਦੀਆਂ 30 ਦੌੜਾਂ ਦੀ ਬਦੌਲਤ 191 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 132 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਇਹ ਮੈਚ 59 ਦੌੜਾਂ ਨਾਲ ਜਿੱਤ ਲਿਆ।

ਭਾਰਤ (ਪਹਿਲੀ ਪਾਰੀ)

ਰੋਹਿਤ ਸ਼ਰਮਾ ਨੇ ਸੂਰਿਆਕੁਮਾਰ ਯਾਦਵ ਨਾਲ ਮਿਲ ਕੇ ਓਪਨਿੰਗ 'ਚ ਵਿੰਡੀਜ਼ ਦੇ ਗੇਂਦਬਾਜ਼ਾਂ ਨੂੰ ਖਦੇੜ ਦਿੱਤਾ। ਫਲੋਰੀਡਾ ਦੇ ਛੋਟੇ ਮੈਦਾਨ 'ਤੇ ਰੋਹਿਤ ਨੇ ਚਾਰੇ ਪਾਸੇ ਸ਼ਾਟ ਮਾਰ ਕੇ ਸਕੋਰ ਨੂੰ 5 ਓਵਰਾਂ 'ਚ 53 ਤੱਕ ਪਹੁੰਚਾਇਆ। ਰੋਹਿਤ 16 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ ਯਾਦਵ ਨੇ ਹਮਲੇ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਅਲਜ਼ਾਰੀ ਜੋਸੇਫ ਦੀ ਖੂਬਸੂਰਤ ਗੇਂਦ 'ਤੇ ਲੈੱਗ ਬਿਫਰ ਹੋ ਗਿਆ। ਸੂਰਿਆਕੁਮਾਰ ਨੇ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੀਪਕ ਹੁੱਡਾ ਅਤੇ ਰਿਸ਼ਭ ਪੰਤ ਨੇ ਕਮਾਨ ਸੰਭਾਲੀ। ਦੀਪਕ 21 ਦੌੜਾਂ ਬਣਾ ਕੇ ਆਊਟ ਹੋ ਗਏ।
ਪੰਤ ਚੰਗੀ ਫੋਰਮ ਵਿੱਚ ਨਜ਼ਰ ਆਏ। ਉਸ ਨੇ ਵਿਕਟ ਦੇ ਚਾਰੋਂ ਪਾਸੇ ਸ਼ਾਟ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੰਤ ਨੇ 31 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੰਜੂ ਸੈਮਸਨ ਨੇ ਜ਼ਿੰਮੇਵਾਰ ਪਾਰੀ ਖੇਡੀ। ਦਿਨੇਸ਼ ਕਾਰਤਿਕ ਦੇ ਆਊਟ ਹੋਣ ਤੋਂ ਬਾਅਦ ਅਕਸ਼ਰ ਪਟੇਲ ਨੇ ਆਉਂਦੇ ਹੀ 2 ਛੱਕੇ ਲਗਾ ਕੇ ਮੈਚ 'ਚ ਜਾਨ ਫੂਕ ਦਿੱਤੀ। ਸੰਜੂ ਨੇ 30 ਤੇ ਅਕਸ਼ਰ ਪਟੇਲ ਨੇ 20 ਦੌੜਾਂ ਬਣਾਈਆਂ।

ਵਿੰਡੀਜ਼ (ਦੂਜੀ ਪਾਰੀ)

ਵਿੰਡੀਜ਼ ਨੂੰ ਬ੍ਰੈਂਡਨ ਕਿੰਗ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ ਅਵੇਸ਼ ਖਾਨ ਨੇ ਆਪਣੇ ਪਹਿਲੇ 2 ਓਵਰਾਂ 'ਚ 2 ਵਿਕਟਾਂ ਲੈ ਕੇ ਸਮੀਕਰਨ ਵਿਗਾੜ ਦਿੱਤਾ। ਹਾਲਾਂਕਿ, ਨਿਕੋਲਸ ਪੂਰਨ ਨੇ ਕੁਝ ਚੰਗੇ ਸ਼ਾਟ ਲਗਾ ਕੇ ਵਿੰਡੀਜ਼ ਪ੍ਰਸ਼ੰਸਕਾਂ ਦੀਆਂ ਉਮੀਦਾਂ ਨੂੰ ਬੰਨ੍ਹੀ ਰੱਖਿਆ। ਪੂਰਨ ਨੇ ਅਕਸ਼ਰ ਪਟੇਲ ਦੇ ਇੱਕ ਓਵਰ ਵਿੱਚ 3 ਛੱਕੇ ਅਤੇ ਇੱਕ ਚੌਕਾ ਲਗਾਇਆ ਪਰ ਉਹ ਓਵਰ ਦੀ ਆਖਰੀ ਗੇਂਦ 'ਤੇ ਰਨ ਆਊਟ ਹੋ ਗਿਆ।
ਹਾਲਾਂਕਿ, ਪੂਰਨ ਦੇ ਆਊਟ ਹੋਣ ਤੋਂ ਬਾਅਦ ਵੀ ਵਿੰਡੀਜ਼ ਦਾ ਸਕੋਰ ਬੋਰਡ ਜਾਰੀ ਰਿਹਾ। ਮਾਇਰਸ ਨੇ ਕੁਝ ਚੰਗੇ ਸ਼ਾਟ ਲਗਾਏ ਪਰ ਭਾਰਤੀ ਸਪਿਨਰ ਅਕਸ਼ਰ ਪਟੇਲ ਨੇ ਪਹਿਲਾਂ ਮਾਇਰਸ ਫਿਰ ਰੋਵਮੈਨ ਪਾਵੇਲ ਦਾ ਵਿਕਟ ਲੈ ਕੇ ਭਾਰਤ ਦੀ ਸਥਿਤੀ ਮਜ਼ਬੂਤ ​​ਕੀਤੀ। ਹਾਲਾਂਕਿ ਰੋਵਮੈਨ ਨੇ ਅਕਸ਼ਰ ਦੀ ਗੇਂਦ 'ਤੇ ਵੱਡੇ ਸ਼ਾਟ ਲਗਾਏ ਸਨ ਪਰ ਅਖੀਰ ਅਕਸ਼ਰ ਨੂੰ ਸਫਲਤਾ ਮਿਲੀ। ਰੋਵਮੈਨ ਨੇ 24, ਜਦਕਿ ਮਾਇਰਸ ਨੇ 14 ਦੌੜਾਂ ਬਣਾਈਆਂ। ਹੋਲਡਰ 13 ਤਾਂ ਅਕਿਲ 3 ਦੌੜਾਂ ਬਣਾ ਕੇ ਆਊਟ ਹੋ ਗਏ। ਹੇਟਮਾਇਰ ਦਾ ਵਿਕਟ ਰਵੀ ਬਿਸ਼ਨੋਈ ਨੇ ਲਿਆ ਅਤੇ ਡਰੇਕਸ ਨੂੰ ਅਰਸ਼ਦੀਪ ਸਿੰਘ ਨੇ ਬੋਲਡ ਕੀਤਾ। ਅਰਸ਼ਦੀਪ ਨੇ ਇਸ ਤੋਂ ਬਾਅਦ ਮੈਕਕੋਏ ਨੂੰ ਬੋਲਡ ਕਰਕੇ ਟੀਮ ਇੰਡੀਆ ਨੂੰ 59 ਦੌੜਾਂ ਦੀ ਜਿੱਤ ਦਿਵਾਈ। ਅਰਸ਼ਦੀਪ ਨੇ ਮੈਚ ਵਿੱਚ 12 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ

ਭਾਰਤ: ਰੋਹਿਤ ਸ਼ਰਮਾ (C), ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (W), ਸੰਜੂ ਸੈਮਸਨ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਅਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ

ਵੈਸਟਇੰਡੀਜ਼: ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (C), ਰੋਵਮੈਨ ਪਾਵੇਲ, ਸ਼ਿਮਰੋਨ ਹੇਟਮੇਅਰ, ਡੇਵੋਨ ਥਾਮਸ (W), ਜੇਸਨ ਹੋਲਡਰ, ਡੋਮਿਨਿਕ ਡਰੇਕਸ, ਅਕੀਲ ਹੋਸੈਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ।


Mukesh

Content Editor

Related News