ਸਾਡੀ ਵਿਸ਼ਵ ਕੱਪ ਟੀਮ ’ਚ ਨੌਜਵਾਨ ਤੇ ਤਜਰਬੇਕਾਰ ਖਿਡਾਰਨਾਂ ਦਾ ਚੰਗਾ ਮਿਸ਼ਰਣ : ਹਰਮਨਪ੍ਰੀਤ ਕੌਰ
Sunday, Sep 28, 2025 - 11:26 AM (IST)

ਦੁਬਈ– ਕਪਤਾਨ ਹਰਮਨਪ੍ਰੀਤ ਕੌਰ ਨੂੰ ਭਰੋਸਾ ਹੈ ਕਿ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਹਰ ਵਿਭਾਗ ਵਿਚ ਨੌਜਵਾਨ ਤੇ ਤਜਰਬੇਕਾਰ ਖਿਡਾਰਨਾਂ ਦੇ ਚੰਗੇ ਮਿਸ਼ਰਣ ਨਾਲ ਉਸਦੀ ਟੀਮ ਨੂੰ ਪਹਿਲੀ ਵਾਰ ਵਿਸ਼ਵ ਖਿਤਾਬ ਜਿੱਤਣ ਵਿਚ ਮਦਦ ਮਿਲੇਗੀ। ਭਾਰਤ ਚੌਥੀ ਵਾਰ ਆਈ. ਸੀ. ਸੀ. ਦੀ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰ ਰਿਹਾ ਹੈ।
ਟੀਮ ਇਸ ਤੋਂ ਪਹਿਲਾਂ ਦੋ ਮੌਕਿਆਂ ’ਤੇ ਖਿਤਾਬ ਜਿੱਤਣ ਦੇ ਨੇੜੇ ਪਹੁੰਚੀ ਸੀ। ਭਾਰਤੀ ਟੀਮ ਨੇ ਪਿਛਲੀ ਵਾਰ 2017 ਵਿਚ ਫਾਈਨਲ ਵਿਚ ਜਗ੍ਹਾ ਬਣਾਈ ਸੀ ਪਰ ਤਦ ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਲਾਰਡਸ ਵਿਚ ਇੰਗਲੈਂਡ ਹੱਥੋਂ ਰੋਮਾਂਚਕ ਮੁਕਾਬਲੇ ਵਿਚ ਹਾਰ ਗਈ ਸੀ। ਭਾਰਤੀ ਟੀਮ ਨੇ ਟੂਰਨਾਮੈਂਟ ਦੀ ਚੰਗੀ ਤਿਆਰੀ ਕਰਦੇ ਹੋਏ ਇੰਗਲੈਂਡ ਵਿਰੁੱਧ ਉਸ ਦੀ ਧਰਤੀ ’ਤੇ ਪਹਿਲੀ ਵਾਰੀ ਟੀ-20 ਕੌਮਾਂਤਰੀ ਤੇ ਵਨ ਡੇ ਲੜੀ ਜਿੱਤੀ ਤੇ ਫਿਰ ਸਾਬਕਾ ਚੈਂਪੀਅਨ ਆਸਟ੍ਰੇਲੀਆ ਨੂੰ ਘਰੇਲੂ ਧਰਤੀ ’ਤੇ ਸਖਤ ਟੱਕਰ ਦਿੱਤੀ ਪਰ ਲੜੀ ਵਿਚ ਮੇਜ਼ਬਾਨ ਟੀਮ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨ ਪਿਆ।
ਹਰਮਨਪ੍ਰੀਤ ਨੇ ਕਿਹਾ, ‘‘ਸਾਡੀ ਵਿਸ਼ਵ ਕੱਪ ਟੀਮ ਵਿਚ ਸਾਰੇ ਵਿਭਾਗਾਂ ਵਿਚ ਨੌਜਵਾਨ ਤੇ ਤਜਰਬੇਕਾਰ ਖਿਡਾਰਨਾਂ ਦਾ ਚੰਗਾ ਮਿਸ਼ਰਣ ਹੈ। ਸਮ੍ਰਿਤੀ ਮੰਧਾਨਾ, ਜੇਮਿਮਾ ਰੋਡ੍ਰਿਗਜ਼, ਹਰਲੀਨ ਦਿਓਲ, ਪ੍ਰਤਿਕਾ ਰਾਵਲ, ਰਿਚਾ ਘੋਸ਼ ਤੇ ਓਮਾ ਸ਼ੇਤਰੀ ਵਰਗੀਆਂ ਪ੍ਰਤਿਭਾਵਸ਼ਾਲੀ ਬੱਲੇਬਾਜ਼ ਟੀਮ ਵਿਚ ਮੌਜੂਦ ਹਨ।’’
ਸਮ੍ਰਿਤੀ ਨੇ ਆਸਟ੍ਰੇਲੀਆ ਵਿਰੁੱਧ ਲਗਾਤਾਰ ਦੋ ਸੈਂਕੜੇ ਲਾਏ ਜਦਕਿ ਉਸਦੀ ਸਾਥੀ ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ ਨੇ ਵੀ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੇਂਦਬਾਜ਼ੀ ਵਿਭਾਗ ਵਿਚ ਸਪਿੰਨਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਹਾਲਾਂਕਿ ਆਸਟ੍ਰੇਲੀਆ ਵਿਰੁੱਧ ਹਾਲ ਹੀ ਵਿਚ ਦਿੱਲੀ ਵਿਚ ਹੋਏ ਫੈਸਲਾਕੁੰਨ ਤੀਜੇ ਵਨ ਡੇ ਵਿਚ ਭਾਰਤੀ ਸਪਿੰਨਰਾਂ ਨੇ ਕਾਫੀ ਦੌੜਾਂ ਦਿੱਤੀਆਂ ਸਨ।
ਹਰਮਨਪ੍ਰੀਤ ਨੇ ਕਿਹਾ, ‘‘ਗੇਂਦਬਾਜ਼ ਵੀ ਓਨੀਆਂ ਹੀ ਪ੍ਰਤਿਭਾਸ਼ਾਲੀ ਹਨ, ਜਿਨ੍ਹਾਂ ਵਿਚ ਰੇਣੂਕਾ ਠਾਕੁਰ ਤੇ ਅਰੁੰਧਤੀ ਰੈੱਡੀ ਦੇ ਨਾਲ ਨੌਜਵਾਨ ਤੇ ਪ੍ਰਤਿਭਾਸ਼ਾਲੀ ਕਾਂਤੀ ਗੌੜ, ਸ਼੍ਰੀ ਚਰਣੀ ਤੇ ਰਾਧਾ ਯਾਦਵ ਵੀ ਹਨ। ਇਸ ਤੋਂ ਇਲਾਵਾ ਦੀਪਤੀ ਸ਼ਰਮਾ, ਸਨੇਹ ਰਾਣਾ ਤੇ ਅਮਨਜੋਤ ਕੌਰ ਦੇ ਰੂਪ ਵਿਚ ਤਿੰਨ ਆਲਰਾਊਂਡਰ ਵੀ ਹਨ ਜਿਹੜੀਆਂ ਮੈਚ ਦਾ ਰੁਖ਼ ਭਾਰਤ ਵੱਲੋਂ ਮੋੜ ਸਕਦੀਆਂ ਹਨ।’’