ਵੱਡੀ ਖ਼ਬਰ ; ਭਾਰਤ-ਆਇਰਲੈਂਡ ਟੀ-20 ਲੜੀ 'ਚ ਉਲਟਫੇਰ ਮਗਰੋਂ ਟੀਮ ਦੇ ਹੈੱਡ ਕੋਚ ਨੇ ਦਿੱਤਾ ਅਸਤੀਫ਼ਾ

Monday, Jun 29, 2026 - 05:18 PM (IST)

ਵੱਡੀ ਖ਼ਬਰ ; ਭਾਰਤ-ਆਇਰਲੈਂਡ ਟੀ-20 ਲੜੀ 'ਚ ਉਲਟਫੇਰ ਮਗਰੋਂ ਟੀਮ ਦੇ ਹੈੱਡ ਕੋਚ ਨੇ ਦਿੱਤਾ ਅਸਤੀਫ਼ਾ

ਸਪੋਰਟਸ ਡੈਸਕ : ਵਿਸ਼ਵ ਚੈਂਪੀਅਨ ਭਾਰਤੀ ਟੀਮ ਵਿਰੁੱਧ ਇਤਿਹਾਸਕ ਟੀ-20 ਸੀਰੀਜ਼ ਜਿੱਤਣ ਦਾ ਜਸ਼ਨ ਮਨਾ ਰਹੀ ਆਇਰਲੈਂਡ ਦੀ ਟੀਮ ਨੂੰ 24 ਘੰਟਿਆਂ ਦੇ ਅੰਦਰ ਹੀ ਇੱਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਮੁੱਖ ਕੋਚ ਹੈਨਰਿਕ ਮਲਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਕ੍ਰਿਕਟ ਆਇਰਲੈਂਡ ਨੇ ਅਧਿਕਾਰਤ ਤੌਰ 'ਤੇ ਕਰ ਦਿੱਤੀ ਹੈ। ਭਾਵੇਂ ਇਹ ਫੈਸਲਾ ਹੈਰਾਨੀਜਨਕ ਲੱਗ ਰਿਹਾ ਹੈ, ਪਰ ਬੋਰਡ ਅਨੁਸਾਰ ਇਹ ਦੋਵਾਂ ਪੱਖਾਂ ਦੀ ਸਹਿਮਤੀ ਨਾਲ ਪਹਿਲਾਂ ਤੋਂ ਤੈਅ ਰਣਨੀਤੀ ਦਾ ਹਿੱਸਾ ਸੀ।

ਭਾਰਤ ਵਿਰੁੱਧ ਸ਼ਾਨਦਾਰ ਅੰਤ 
ਦੱਖਣੀ ਅਫਰੀਕਾ ਦੇ 45 ਸਾਲਾ ਹੈਨਰਿਕ ਮਲਾਨ ਦੇ ਕਾਰਜਕਾਲ ਦਾ ਆਖਰੀ ਮੈਚ ਬੇਹੱਦ ਯਾਦਗਾਰ ਰਿਹਾ। ਐਤਵਾਰ (28 ਜੂਨ) ਨੂੰ ਬੇਲਫਾਸਟ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਆਇਰਲੈਂਡ ਨੇ ਭਾਰਤ ਨੂੰ ਇੱਕ ਰਨ ਨਾਲ ਹਰਾ ਕੇ ਟੀ-20 ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ। ਇਸੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਵੀ ਆਇਰਲੈਂਡ ਨੇ ਭਾਰਤ ਨੂੰ 34 ਦੌੜਾਂ ਨਾਲ ਹਰਾਇਆ ਸੀ, ਜੋ ਕਿ 'ਮੇਨ ਇਨ ਬਲੂ' ਵਿਰੁੱਧ ਇਸ ਟੀਮ ਦੀ ਪਹਿਲੀ ਜਿੱਤ ਸੀ।

ਮਲਾਨ ਦਾ ਸਫਲ ਕਾਰਜਕਾਲ 
2022 ਵਿੱਚ ਅਹੁਦਾ ਸੰਭਾਲਣ ਵਾਲੇ ਮਲਾਨ ਦਾ ਸਮਝੌਤਾ 2027 ਤੱਕ ਸੀ, ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਆਇਰਲੈਂਡ ਨੇ ਕਈ ਮੀਲ ਪੱਥਰ ਸਥਾਪਿਤ ਕੀਤੇ ਜਿਵੇਂ ਕਿ ਆਇਰਲੈਂਡ ਨੇ 2022 ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਉਲਟਫੇਰ ਕੀਤਾ। 2024 ਵਿੱਚ ਅਫਗਾਨਿਸਤਾਨ ਵਿਰੁੱਧ ਪਹਿਲੀ ਟੈਸਟ ਜਿੱਤ ਅਤੇ ਫਿਰ ਜ਼ਿੰਬਾਬਵੇ ਵਿਰੁੱਧ ਘਰੇਲੂ ਮੈਦਾਨ 'ਤੇ ਪਹਿਲੀ ਟੈਸਟ ਜਿੱਤ ਦਰਜ ਕੀਤੀ। ਟੀਮ ਵਿੱਚ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਗੈਰੀ ਵਿਲਸਨ ਹੋਣਗੇ ਨਵੇਂ ਕੋਚ 
ਹੈਨਰਿਕ ਮਲਾਨ ਦੇ ਜਾਣ ਤੋਂ ਬਾਅਦ ਕ੍ਰਿਕਟ ਆਇਰਲੈਂਡ ਨੇ ਸਾਬਕਾ ਵਿਕਟਕੀਪਰ ਗੈਰੀ ਵਿਲਸਨ ਨੂੰ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਵਿਲਸਨ ਅਗਸਤ ਵਿੱਚ ਅਫਗਾਨਿਸਤਾਨ ਵਿਰੁੱਧ ਹੋਣ ਵਾਲੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਰਾਹੀਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰਨਗੇ।

ਅਸਤੀਫ਼ਾ ਦਿੰਦੇ ਹੋਏ ਮਲਾਨ ਨੇ ਕਿਹਾ ਕਿ ਆਇਰਲੈਂਡ ਕ੍ਰਿਕਟ ਭਾਈਚਾਰੇ ਨਾਲ ਕੰਮ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਰਹੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਇਸ ਜ਼ਿੰਮੇਵਾਰੀ ਤੋਂ ਹਟਣ ਦਾ ਸਹੀ ਸਮਾਂ ਹੈ।


author

Tarsem Singh

Content Editor

Related News