ਟਾਟਾ ਸਟੀਲ ਮਾਸਟਰਸ ਸ਼ਤਰੰਜ : ਕਾਰਲਸਨ ਖਿਤਾਬ ਦੇ ਨੇੜੇ

Sunday, Jan 27, 2019 - 11:38 PM (IST)

ਟਾਟਾ ਸਟੀਲ ਮਾਸਟਰਸ ਸ਼ਤਰੰਜ : ਕਾਰਲਸਨ ਖਿਤਾਬ ਦੇ ਨੇੜੇ

ਵਿਜਕ ਆਨ ਜੀ (ਨੀਦਰੈਂਲਡ) (ਨਿਕਲੇਸ਼ ਜੈਨ)- ਟਾਟਾ ਸਟੀਲ ਮਾਸਟਰਸ ਵਿਚ ਰਾਊਂਡ-11 ਤੇ 12 ਤੋਂ ਬਾਅਦ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 8.5 ਅੰਕਾਂ ਨਾਲ ਖਿਤਾਬ ਦੇ ਸਭ ਤੋਂ ਨੇੜੇ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਸਥਾਨ 'ਤੇ ਮੇਜ਼ਬਾਨ ਨੀਦਰਲੈਂਡ ਦਾ ਅਨੀਸ਼ ਗਿਰੀ 8 ਅੰਕਾਂ 'ਤੇ ਹੈ ਤੇ ਦੋਵੇਂ ਆਖਰੀ ਰਾਊਂਡ ਵਿਚ ਆਪਸ ਵਿਚ ਮੁਕਾਬਲਾ ਖੇਡਣਗੇ। ਖੈਰ ਭਾਰਤ ਦੇ ਲਿਹਾਜ਼ ਨਾਲ ਵੱਡਾ ਰਿਕਾਰਡ ਵਿਦਿਤ ਗੁਜਰਾਤੀ ਨੇ ਬਣਾਇਆ, ਜਿਸ ਨੇ 11ਵੇਂ ਰਾਊਂਡ ਵਿਚ 2800 ਰੇਟਿੰਗ ਤੋਂ ਵੱਧ ਦੇ ਖਿਡਾਰੀ ਨੂੰ ਹਰਾਉਣ ਦੇ ਨਾਲ ਹੀ ਉਹ ਭਾਰਤ ਦਾ ਦੂਜਾ ਅਜਿਹਾ ਖਿਡਾਰੀ ਬਣ ਗਿਆ, ਜਿਸ ਨੇ ਇਸ ਰੇਟਿੰਗ ਦੇ ਵਿਰੋਧੀ ਖਿਡਾਰੀ ਨੂੰ ਹਰਾਇਆ। 12ਵੇਂ ਰਾਊਂਡ ਵਿਚ ਉਸ ਨੇ ਹੰਗਰੀ ਦੇ ਰਿਚਰਡ ਰਾਪੋਰਟ ਨਾਲ ਡਰਾਅ ਖੇਡਦੇ ਹੋਏ 6.5 ਅੰਕਾਂ ਨਾਲ ਪ੍ਰਤੀਯੋਗਤਾ ਵਿਚ ਛੇਵਾਂ ਸਥਾਨ ਹਾਸਲ ਕਰ ਲਿਆ ਹੈ।
ਦੂਜੇ ਪਾਸੇ ਕਾਰਲਸਨ ਹੱਥੋਂ ਹਾਰ ਮਿਲਣ ਤੋਂ ਬਾਅਦ ਆਨੰਦ ਨੇ ਸੰਭਲ ਕੇ ਖੇਡਦੇ ਹੋਏ 11ਵੇਂ ਰਾਊਂਡ ਵਿਚ ਪੋਲੈਂਡ ਦੇ ਜਾਨ ਡੂਡਾ ਨਾਲ ਤੇ 12ਵੇਂ ਰਾਊਂਡ ਵਿਚ ਚੀਨ ਦੇ ਡਿੰਗ ਲੀਰੇਨ ਨਾਲ ਬਾਜ਼ੀ ਡਰਾਅ ਖੇਡੀ। ਫਿਲਹਾਲ ਆਨੰਦ 7 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ ਤੇ ਆਖਰੀ ਰਾਊਂਡ ਵਿਚ ਉਹ ਹਮਵਤਨ ਵਿਦਿਤ ਗੁਜਰਾਤੀ ਨਾਲ ਟਕਰਾਏਗਾ ਤੇ ਦੇਖਣਾ ਹੋਵੇਗਾ  ਕਿ ਨੌਜਵਾਨ ਵਿਦਿਤ ਆਪਣੇ ਆਦਰਸ਼ ਆਨੰਦ ਦੇ ਸਾਹਮਣੇ ਕਿਹੋ-ਜਿਹੀ ਖੇਡ ਦਿਖਾਉਂਦਾ ਹੈ।


Related News