ਤਸਕਿਨ ਤੇ ਮੁਜਾਰਬਾਨੀ ’ਤੇ ICC ਨੇ ਲਾਇਆ ਜੁਰਮਾਨਾ, ਮੈਦਾਨ ’ਚ ਭਿੜ ਗਏ ਸਨ ਦੋਵੇਂ ਖਿਡਾਰੀ
Saturday, Jul 10, 2021 - 11:29 AM (IST)
ਹਰਾਰੇ— ਬੰਗਲਾਦੇਸ ਦੇ ਖਿਡਾਰੀ ਤਸਕਿਨ ਅਹਿਮਦ ਤੇ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਬਲੇਸਿੰਗ ਮੁਜਾਰਬਾਨੀ ’ਤੇ ਇੱਥੇ ਇਕਮਾਤਰ ਟੈਸਟ ਦੇ ਦੂਜੇ ਦਿਨ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਦੇ ਜ਼ਾਬਤੇ ਦੇ ਲੈਵਲ ਇਕ (ਗ਼ਲਤ ਸਰੀਰਕ ਸੰਪਰਕ ਭਾਵ ਹਮਲਾਵਰ ਹੋ ਕੇ ਭਿੜ ਜਾਣ) ਦੇ ਉਲੰਘਣ ਲਈ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ।
ਕ੍ਰਿਕਟਰਾਂ ਨੂੰ ਆਈ. ਸੀ. ਸੀ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਦੇ ਜ਼ਾਬਤੇ ਦੀ ਧਾਰਾ 2.1.12 ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ ਜੋ ਕਿ ਕੌਮਾਂਤਰੀ ਮੈਚ ਦੇ ਦੌਰਾਨ ਕਿਸੇ ਖਿਡਾਰੀ, ਸਹਿਯੋਗੀ ਸਟਾਫ਼, ਅੰਪਾਇਰ, ਮੈਚ ਰੈਫ਼ਰੀ ਜਾਂ ਕਿਸੇ ਹੋਰ ਵਿਅਕਤੀ (ਦਰਸ਼ਕ ਵੀ ਸ਼ਾਮਲ)ਦੇ ਗ਼ਲਤ ਸਰੀਰਕ ਸੰਪਰਕ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਖਿਡਾਰੀਆਂ ਦੇ ਅਨੁਸ਼ਾਸਨੀ ਰਿਕਾਰਡ ’ਚ ਇਕ-ਇਕ ਡੀਮੈਰਿਟ ਅੰਕ ਜੋੜ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਨੂੰ ਪਿਛਲੇ 24 ਮਹੀਨਿਆਂ ’ਚ ਕਿਸੇ ਵੀ ਉਲੰਘਣਾ ਦਾ ਦੋਸ਼ੀ ਨਹੀਂ ਪਾਇਆ ਗਿਆ ਸੀ।
ਇਹ ਘਟਨਾ ਵੀਰਵਾਰ ਨੂੰ ਬੰਗਲਾਦੇਸ਼ ਦੀ ਪਹਿਲੀ ਪਾਰੀ ’ਚ 85ਵੇਂ ਓਵਰ ਦੇ ਦੌਰਾਨ ਵਾਪਰੀ। ਮੁਜਾਰਬਾਨੀ ਨੇ ਤਸਕਿਨ ਨੂੰ ਇਕ ਗੇਂਦ ਸੁੱਟੀ ਤੇ ਦੋਵੇਂ ਖਿਡਾਰੀ ਹਮਲਾਵਰ ਹੋ ਕੇ ਇਕ ਦੂਜੇ ਵੱਲ ਵਧੇ ਤੇ ਦੋਵਾਂ ਖਿਡਾਰੀਆਂ ਵਿਚਾਲੇ ਗੁੱਸੇ ’ਚ ਕੁਝ ਸ਼ਬਦਾਂ ਦਾ ਇਸਤੇਮਾਲ ਹੋਇਆ ਜਿਸ ਤੋਂ ਬਾਅਦ ਦੋਹਾਂ ਵਿਚਾਲੇ ਸਰੀਰਕ ਸੰਪਰਕ ਹੋਇਆ।