ਟੀਮ ''ਚੋਂ ਬਾਹਰ ਰਹਿਣ ''ਤੇ ਬੋਲੀ ਸ਼ਰਮੀਲਾ, ਉਹ ਮੁਸ਼ਕਲ ਸਮਾਂ ਸੀ ਪਰ ਮੈਂ ਮਾਨਸਿਕ ਤੌਰ ''ਤੇ ਮਜ਼ਬੂਤ ਰਹੀ
Tuesday, Jun 18, 2024 - 05:28 PM (IST)
ਨਵੀਂ ਦਿੱਲੀ- ਨੌਜਵਾਨ ਫਾਰਵਰਡ ਸ਼ਰਮੀਲਾ ਦੇਵੀ ਦਾ ਮੰਨਣਾ ਹੈ ਕਿ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਇੱਛਾ ਨੇ ਉਸ ਨੂੰ ਭਾਰਤੀ ਮਹਿਲਾ ਹਾਕੀ ਟੀਮ ਵਿਚ ਵਾਪਸੀ ਕਰਨ ਵਿਚ ਮਦਦ ਕੀਤੀ ਅਤੇ ਉਹ ਆਪਣੀ ਖੇਡ ਵਿਚ ਨਿਰੰਤਰਤਾ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਜਾਰੀ ਰੱਖੇਗੀ। ਹਰਿਆਣਾ ਦੀ ਇਸ 22 ਸਾਲਾ ਖਿਡਾਰਨ ਨੇ ਇਸ ਸਾਲ ਫਰਵਰੀ ਵਿਚ ਚੀਨ ਦੇ ਖਿਲਾਫ ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ ਮੈਚ ਵਿਚ ਲਗਭਗ ਨੌਂ ਮਹੀਨਿਆਂ ਬਾਅਦ ਭਾਰਤੀ ਟੀਮ ਵਿਚ ਵਾਪਸੀ ਕੀਤੀ। ਹਾਕੀ ਇੰਡੀਆ ਦੀ ਰਿਲੀਜ਼ ਵਿੱਚ ਸ਼ਰਮੀਲਾ ਦੇ ਹਵਾਲੇ ਨਾਲ ਕਿਹਾ ਗਿਆ ਸੀ, “ਇਹ ਆਸਾਨ ਨਹੀਂ ਸੀ। ਮੈਨੂੰ ਕਰੀਬ ਨੌਂ ਮਹੀਨਿਆਂ ਤੱਕ ਰਾਸ਼ਟਰੀ ਟੀਮ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ।''
ਉਨ੍ਹਾਂ ਨੇ ਕਿਹਾ, “ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ (ਮਈ 2023) ਤੋਂ ਬਾਅਦ ਮੈਨੂੰ ਫਰਵਰੀ 2024 ਵਿੱਚ ਐੱਫ.ਆਈ.ਐੱਚ ਹਾਕੀ ਪ੍ਰੋ ਲੀਗ ਵਿੱਚ ਰਾਸ਼ਟਰੀ ਟੀਮ ਲਈ ਖੇਡਣ ਦਾ ਮੌਕਾ ਮਿਲਿਆ ਪਰ ਮੈਂ ਏਸ਼ੀਅਨ ਖੇਡਾਂ ਅਤੇ ਓਲੰਪਿਕ ਕੁਆਲੀਫਾਇਰ ਤੋਂ ਖੁੰਝ ਗਈ। ਇਹ ਇੱਕ ਮੁਸ਼ਕਲ ਸਮਾਂ ਸੀ ਪਰ ਮੈਂ ਮਾਨਸਿਕ ਤੌਰ 'ਤੇ ਮਜ਼ਬੂਤ ਰਹੀ ਅਤੇ ਸਖ਼ਤ ਸਿਖਲਾਈ ਦਿੱਤੀ ਅਤੇ ਆਪਣੇ ਮੌਕੇ ਦਾ ਧੀਰਜ ਨਾਲ ਇੰਤਜ਼ਾਰ ਕੀਤਾ।
ਸ਼ਰਮੀਲਾ ਨੇ ਕਿਹਾ, ''ਮੈਂ ਆਪਣੀ ਖੇਡ 'ਤੇ ਦਿਨ ਰਾਤ ਮਿਹਨਤ ਕੀਤੀ। ਮੈਂ ਬਹੁਤ ਸਪੱਸ਼ਟ ਸੀ ਕਿ ਵਾਪਸੀ ਦਾ ਇਹ ਇੱਕੋ ਇੱਕ ਰਸਤਾ ਸੀ ਅਤੇ ਮੈਨੂੰ ਆਪਣਾ ਸਰਵਸ੍ਰੇਸ਼ਠ ਦੇਣਾ ਸੀ। ਫਾਰਵਰਡ ਵਜੋਂ ਆਪਣੇ ਹੁਨਰ 'ਤੇ ਕੰਮ ਕਰਨ ਤੋਂ ਇਲਾਵਾ, ਮੈਂ ਰੱਖਿਆਤਮਕ ਪਹਿਲੂਆਂ 'ਤੇ ਵੀ ਕੰਮ ਕੀਤਾ।
ਸ਼ਰਮੀਲਾ ਨੂੰ ਆਖਰਕਾਰ ਮੈਦਾਨ ਵਿੱਚ ਉਤਰਨ ਦਾ ਮੌਕਾ ਮਿਲਿਆ ਜਦੋਂ ਭਾਰਤ ਨੇ ਐੱਫ.ਆਈ.ਐੱਚ. ਹਾਕੀ ਪ੍ਰੋ ਲੀਗ 2023-24 ਦੇ ਆਪਣੇ ਪਹਿਲੇ ਮੈਚ ਵਿੱਚ ਚੀਨ ਦਾ ਸਾਹਮਣਾ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਇੱਕ ਵਾਰ ਫਿਰ ਭਾਰਤੀ ਜਰਸੀ ਪਹਿਨਣ ਲਈ ਬਹੁਤ ਉਤਸ਼ਾਹਿਤ ਸੀ। ਇਹ ਮੇਰੀ ਮਿਹਨਤ ਦਾ ਇਨਾਮ ਸੀ। ਮੈਨੂੰ ਬਹੁਤ ਖੁਸ਼ੀ ਹੁੰਦੀ ਜੇਕਰ ਅਸੀਂ ਉਹ ਮੈਚ ਜਿੱਤ ਜਾਂਦੇ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ।