ਓਲੰਪਿਕ ''ਚ ਸੈਲਫੀ ਲੈਣ ਪਿਆ ਭਾਰੀ, ਉੱਤਰ ਕੋਰੀਆ ਦੇ ਖਿਡਾਰੀਆਂ ਨੂੰ ਪਈਆਂ ਝਿੜਕਾ
Monday, Aug 26, 2024 - 12:48 PM (IST)
ਨਵੀਂ ਦਿੱਲੀ— ਪੈਰਿਸ ਓਲੰਪਿਕ 'ਚ ਦੱਖਣੀ ਕੋਰੀਆ ਦੇ ਖਿਡਾਰੀਆਂ ਨਾਲ ਮੁਸਕਰਾਉਂਦੇ ਹੋਏ ਸੈਲਫੀ ਲੈਣ 'ਤੇ ਉੱਤਰੀ ਕੋਰੀਆਈ ਖਿਡਾਰੀਆਂ ਨੂੰ ਉਥੋਂ ਦੇ ਅਧਿਕਾਰੀਆਂ ਤੋਂ ਝਿੜਕਾ ਪਏ ਜਾਣ ਦੀ ਕਈ ਵਿਦੇਸ਼ੀ ਸਮਾਚਾਰ ਪੱਤਰਾ ਨੇ ਰਿਪੋਰਟ ਦਿੱਤੀ ਹੈ। ਨਿਊਯਾਰਕ ਟਾਈਮਸ ਦੇ ਅਨੁਸਾਰ ਪੈਰਿਸ ਓਲੰਪਿਕ 'ਚ ਉੱਤਰ ਕੋਰੀਆ ਦੀ ਟੇਬਲ ਟੈਨਿਸ ਚਾਂਦੀ ਦਾ ਤਮਗਾ ਜੇਤੂ ਰੀ ਜੋਂਗ ਸਿਕ ਅਤੇ ਕਿਮ ਕੁਮ ਯੋਂਗ ਨੂੰ ਤਮਗੇ ਲੈਣ ਦੇ ਗ੍ਰਹਿਣ ਕਰਦੇ ਸਮੇਂ ਦੱਖਣੀ ਕੋਰੀਆ ਦੇ ਵਿਰੋਧੀਆਂ ਲਿਮ ਜੋਂਗ-ਹੂਨ ਅਤੇ ਸ਼ਿਨ ਯੂ-ਬਿਨ ਦੇ ਨਾਲ ਇੱਕ 'ਮੁਸਕਰਾਉਣ' ਵਾਲੀ ਸੈਲਫੀ ਲਈ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿ ਟੈਲੀਗ੍ਰਾਮ ਦੀ ਰਿਪੋਰਟ ਦੇ ਅਨੁਸਾਰ ਰੀ ਜੋਂਗ ਸਿਕ ਤੇ ਕਿਮ ਕੁਮ ਯੋਂਗ ਪੈਰਿਸ ਓਲੰਪਿਕ ਤੋਂ ਪਰਤੇ ਹੋਰ ਐਥਲੀਟਾਂ ਦੇ ਨਾਲ 'ਵਿਚਾਰਧਾਰਕ ਮੁਲਾਂਕਣ' ਤੋਂ ਗੁਜ਼ਰ ਰਹੇ ਹਨ।
ਰਿਪੋਰਟ ਅਨੁਸਾਰ ਇਹ ਮੁਲਾਂਕਣ ਉੱਤਰੀ ਕੋਰੀਆ ਵਿੱਚ ਇੱਕ ਮਿਆਰੀ ਪ੍ਰਕਿਰਿਆ ਹੈ ਜਿਸਦਾ ਉਦੇਸ਼ ਵਿਦੇਸ਼ੀ ਸਭਿਆਚਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਹੋਣ ਵਾਲੇ ਕਿਸੇ ਵੀ ਨੁਕਸ ਨੂੰ ਦੂਰ ਕਰਨਾ ਹੈ। ਪਿਓਂਗਯਾਂਗ 'ਚ ਨਾਮ ਨਾ ਦੱਸਣ ਵਾਲੇ ਅਧਿਕਾਰੀਆਂ ਨੇ ਦਿ ਡੇਲੀ ਐਨਕੇ ਨੇ ਦੱਸਿਆ ਕਿ ਦੁਸ਼ਮਣ ਦੇਸ਼ ਦੱਖਣੀ ਕੋਰੀਆ ਦੇ ਐਥਲੀਟਾਂ ਨਾਲ ਮੁਸਕਰਾਉਣ ਲਈ ਉੱਤਰ ਕੋਰੀਆ ਦੇ ਐਥਲੀਟਾ ਨੂੰ ਲਤਾੜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੈਲਫੀ 'ਚ ਸੋਨ ਤਮਗਾ ਜੇਤੂ ਚੀਨੀ ਖਿਡਾਰੀ ਵੀ ਸ਼ਾਮਲ ਸਨ। ਇਹ ਸੈਲਫੀ ਦੱਖਣੀ ਕੋਰੀਆ ਦੇ ਖਿਡਾਰੀ ਲਿਮ ਜੋਂਗ-ਹੂਨ ਨੇ ਲਈ ਸੀ। ਫੋਟੋ 'ਚ ਦੋਵੇਂ ਕੋਰੀਆਈ ਰਾਸ਼ਟਰੀ ਝੰਡੇ ਹਨ।