ਟੇਬਲ ਟੈਨਿਸ ਵਿਸ਼ਵ ਚੈਂਪੀਅਨਸ਼ਿਪ ਸਤੰਬਰ-ਅਕਤੂਬਰ ''ਚ!
Wednesday, Apr 08, 2020 - 01:36 AM (IST)

ਸਿਓਲ- ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ (ਆਈ. ਟੀ. ਟੀ. ਐੱਫ.) ਨੇ ਕਿਹਾ ਕਿ 2020 ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੱਖਣੀ ਕੋਰੀਆ ਵਿਚ 27 ਸਤੰਬਰ ਤੋਂ 4 ਅਕਤੂਬਰ ਤੱਕ ਹੋ ਸਕਦੀ ਹੈ। ਵਿਸ਼ਵ ਚੈਂਪੀਅਨਸ਼ਿਪ ਨੂੰ ਦੱਖਣੀ ਕੋਰੀਆ ਦੇ ਬੁਸਾਨ ਵਿਚ ਪਹਿਲਾਂ 22 ਤੋਂ 29 ਮਈ ਤੱਕ ਹੋਣਾ ਸੀ ਪਰ ਕੌਮਾਂਤਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਕਾਰਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਆਈ. ਟੀ. ਟੀ. ਐੱਫ. ਨੇ ਕਿਹਾ ਕਿ ਉਹ ਕੋਰੀਆ ਟੇਬਲ ਟੈਨਿਸ ਸੰਘ ਨਾਲ ਨੇੜੇ ਹੋ ਕੇ ਕੰਮ ਕਰ ਰਿਹਾ ਹੈ ਤਾਂ ਕਿ ਨਵੀਆਂ ਅਸਥਾਈ ਮਿਤੀਆਂ ਤੈਅ ਕੀਤੀਆਂ ਜਾ ਸਕਣ ਅਤੇ ਨਾਲ ਹੀ ਬਦਲਵੀਆਂ ਮਿਤੀਆਂ ਵੀ ਤੈਅ ਕੀਤੀਆਂ ਜਾ ਸਕਣ, ਜੇਕਰ ਜ਼ਰੂਰਤ ਪੈਂਦੀ ਹੈ।
ਆਈ. ਟੀ. ਟੀ. ਐੱਫ. ਨੇ ਨਾਲ ਹੀ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਉਸ ਦੇ ਟੂਰਨਾਮੈਂਟ ਮੁਲਤਵੀ ਹੋਣ ਨਾਲ ਉਸ ਦੀ ਵਿਸ਼ਵ ਰੈਂਕਿੰਗ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਸ ਦੀ ਰੈਂਕਿੰਗ ਉਹ ਹੀ ਰਹੇਗੀ, ਜੋ ਮਾਰਚ ਵਿਚ ਜਾਰੀ ਕੀਤੀ ਗਈ ਸੀ। ਆਈ. ਟੀ. ਟੀ. ਐੱਫ. ਨੇ ਕਿਹਾ ਕਿ ਅਪ੍ਰੈਲ 2020 ਦੀ ਰੈਂਕਿੰਗ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਕਾਰਜਕਾਰੀ ਕਮੇਟੀ ਦਾ ਫੈਸਲਾ ਆਉਣ ਤੋਂ ਬਾਅਦ ਇਸ ਨੂੰ ਜਾਰੀ ਕੀਤਾ ਜਾਵੇਗਾ।
ਇਹ ਫੈਸਲਾ 15 ਅਪ੍ਰੈਲ ਨੂੰ ਆਵੇਗਾ, ਜਦੋਂ ਆਈ. ਟੀ. ਟੀ. ਐੱਫ. ਕੋਰੋਨਾ ਨਾਲ ਪੈਦਾ ਹੋਈ ਸਥਿਤੀ ਦਾ ਅੰਦਾਜ਼ਾ ਲਾਉਣ ਲਈ ਆਪਣੀ ਅਗਲੀ ਬੈਠਕ ਕਰੇਗੀ। ਉਸ ਤੋਂ ਬਾਅਦ ਖਿਡਾਰੀਆਂ ਦੇ ਐਕਸ਼ਨ ਵਿਚ ਪਰਤਣ ਤੱਕ ਰੈਂਕਿੰਗ ਸਥਿਰ ਰਹੇਗੀ। ਆਈ. ਟੀ. ਟੀ. ਐੱਫ. ਨੇ ਕੋਰੋਨਾ ਵਾਇਰਸ ਦੇ ਖਤਰੇ ਅਤੇ ਕੌਮਾਂਤਰੀ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਕਾਰਣ ਆਪਣੇ ਸਾਰੇ ਟੂਰਨਾਮੈਂਟ ਅਤੇ 6 ਗਤੀਵਿਧੀਆਂ ਨੂੰ 30 ਜੂਨ ਤੱਕ ਮੁਲਤਵੀ ਕਰ ਦਿੱਤਾ ਸੀ।