T20 WC : ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪੁੱਜਾ ਪਾਕਿਸਤਾਨ

Wednesday, Nov 09, 2022 - 05:25 PM (IST)

T20 WC : ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਪੁੱਜਾ ਪਾਕਿਸਤਾਨ

ਸਪੋਰਟਸ ਡੈਸਕ  : ਅੱਜ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਤੇ ਨਿਊਜ਼ੀਲੈਂਡ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ।ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤ ਲਈ 153 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 153 ਦੌੜਾਂ ਬਣਾਈਆਂ ਤੇ ਮੈਚ ਨੂੰ 7 ਵਿਕਟਾਂ ਨਾਲ ਜਿੱਤ ਲਿਆ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ। ਮੈਚ ਦੀ ਸ਼ੁਰੂਆਤ 'ਚ ਉਸ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਲਾਮੀ ਬੱਲੇਬਾਜ਼ ਫਿਲ ਐਲੇਨ ਸਿਰਫ਼ 4 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਹੀਨ ਸ਼ਾਹ ਅਫਰੀਦੀ ਵਲੋਂ ਐਲ. ਬੀ. ਡਬਲਯੂ. ਆਊਟ ਹੋਇਆ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਡੇਵੋਨ ਕੌਨਵੇ ਦੇ ਆਊਟ ਹੋਣ ਨਾਲ ਲੱਗਾ। ਕੌਨਵੇ 21 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਦਾਬ ਖ਼ਾਨ ਵਲੋਂ ਰਨ ਆਊਟ ਹੋਇਆ। ਨਿਊਜ਼ੀਲੈਂਡ ਦੀ ਤੀਜੀ ਵਿਕਟ ਗਲੇਨ ਫਿਲੀਪਸ ਦੇ ਤੌਰ 'ਤੇ ਡਿੱਗੀ। ਫਿਲੀਪਸ 6 ਦੌੜਾਂ ਦੇ ਨਿੱਜੀ ਸਕੋਰ 'ਤੇ ਨਵਾਜ਼ ਵਲੋਂ ਆਊਟ ਕੀਤਾ ਗਿਆ। ਨਿਊਜ਼ੀਲੈਂਡ ਦੀ ਚੌਥੀ ਵਿਕਟ ਕਪਤਾਨ ਕੇਨ ਵਿਲੀਅਮਸਨ ਦੇ ਤੌਰ 'ਤੇ ਡਿੱਗੀ। ਵਿਲੀਅਮਸਨ 46 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਹੀਨ ਅਫਰੀਦੀ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਡਾਰਲੀ ਮਿਸ਼ੇਲ 53 ਦੌੜਾਂ ਤੇ ਜੇਮਸ ਨੀਸ਼ਮ 16 ਦੌੜਾਂ ਬਣਾ ਅਜੇਤੂ ਰਹੇ। ਪਾਕਿਸਤਾਨ ਵਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 2 ਤੇ ਮੁਹੰਮਦ ਨਵਾਜ਼ ਨੇ 1 ਵਿਕਟ ਲਈ। 

ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਵਲੋਂ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਦੋਵੇਂ ਖਿਡਾਰੀਆਂ ਨੇ ਜ਼ਬਰਦਸਤ ਫਾਰਮ ਦਾ ਮੁਜ਼ਾਹਰਾ ਕਰਦੇ ਹੋਏ ਮੈਦਾਨ 'ਤੇ ਦੌੜਾਂ ਦੀ ਝੜੀ ਲਾ ਦਿੱਤੀ ਪਰ ਇਸ ਦੌਰਾਨ ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ 7 ਚੌਕਿਆਂ ਦੀ ਮਦਦ ਨਾਲ 53 ਦੌੜਾਂ ਦੇ ਨਿੱਜੀ ਸਕੋਰ 'ਤੇ ਬੋਲਟ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਮੁਹੰਮਦ ਰਿਜ਼ਵਾਨ 57 ਦੌੜਾਂ ਤੇ ਮੁਹੰਮਦ ਹਾਰਿਸ 30 ਦੌੜਾਂ ਬਣਾ ਆਊਣ ਹੋਏ। ਨਿਊਜ਼ੀਲੈਂਡ ਵਲੋਂ ਟ੍ਰੇਂਟ ਬੋਲਟ ਨੇ 2 ਤੇ ਮਿਸ਼ੇਲ ਸੈਂਟਨਰ ਨੇ 1 ਵਿਕਟ ਲਈ।

ਇਹ ਵੀ ਪੜ੍ਹੋ : ਕਤਰ 'ਚ ਵਿਸ਼ਵ ਕੱਪ 'ਚ ਰੈਫਰੀ ਬਣਨਗੀਆਂ 3 ਔਰਤਾਂ

ਕ੍ਰਿਕਟ ਇਤਿਹਾਸ ਵਿਚ ਜਦ-ਜਦ ਇਹ ਦੋਵੇਂ ਟੀਮਾਂ ਵਿਸ਼ਵ ਕੱਪ ਸੈਮੀਫਾਈਨਲ ਵਿਚ ਭਿੜੀਆਂ ਹਨ, ਜਿੱਤ ਪਾਕਿਸਤਾਨ ਦੇ ਹੱਥ ਲੱਗੀ ਹੈ। ਆਸਟ੍ਰੇਲੀਆ-ਨਿਊਜ਼ੀਲੈਂਡ ਵਿਚ ਖੇਡੇ ਗਏ 1992 ਵਨ ਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਸੀ ਤੇ ਪਾਕਿਸਤਾਨ ਨੇ ਨਾ ਸਿਰਫ਼ ਨਿਊਜ਼ੀਲੈਂਡ ਨੂੰ ਹਰਾਇਆ ਸਗੋਂ ਵਿਸ਼ਵ ਕੱਪ ਟਰਾਫੀ ਵੀ ਆਪਣੇ ਨਾਂ ਕੀਤੀ ਸੀ। ਤਦ ਪਾਕਿਸਤਾਨੀ ਟੀਮ ਮੁਸ਼ਕਲ ਨਾਲ ਆਖ਼ਰੀ ਚਾਰ ਵਿਚ ਪੁੱਜੀ ਸੀ। ਹੁਣ ਆਸਟ੍ਰੇਲੀਆ ਵਿਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਵਿਚ ਵੀ ਇਤਿਹਾਸ ਦੁਹਰਾਇਆ  ਜਾ ਸਕਦਾ ਹੈ। 

ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਸੁਪਰ-12 ਵਿਚ ਭਾਰਤ ਤੇ ਜ਼ਿੰਬਾਬਵੇ ਹੱਥੋਂ ਮਿਲੀਆਂ ਲਗਾਤਾਰ ਦੋ ਹਾਰਾਂ ਤੋਂ ਬਾਅਦ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਕੰਢੇ ਸੀ ਪਰ ਦੱਖਣੀ ਅਫਰੀਕਾ 'ਤੇ ਨੀਦਰਲੈਂਡ ਦੀ ਉਲਟਫੇਰ ਵਾਲੀ ਜਿੱਤ ਨੇ ਉਸ ਦੀ ਮੁਹਿੰਮ ਵਿਚ ਨਵੀਂ ਜਾਨ ਫੂਕ ਦਿੱਤੀ। ਪਾਕਿਸਤਾਨ ਨੇ ਸੈਮੀਫਾਈਨਲ ਵਿਚ ਪੁੱਜਣ ਲਈ ਸਿਰਫ਼ ਬੰਗਲਾਦੇਸ਼ ਖ਼ਿਲਾਫ਼ ਜਿੱਤ ਪ੍ਰਾਪਤ ਕੀਤੀ। ਹੁਣ ਸੈਮੀਫਾਈਨਲ 'ਚ ਪਾਕਿਸਤਾਨ ਦਾ ਸਾਹਮਣਾ ਕੀਵੀ ਟੀਮ ਨਾਲ ਹੋਣ ਜਾ ਰਿਹਾ ਹੈ। 

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ

ਪਾਕਿਸਤਾਨ : ਮੁਹੰਮਦ ਰਿਜ਼ਵਾਨ (ਵਿਕਟਕੀਪਰ), ਬਾਬਰ ਆਜ਼ਮ (ਕਪਤਾਨ), ਮੁਹੰਮਦ ਹੈਰਿਸ, ਸ਼ਾਨ ਮਸੂਦ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਹਾਰਿਸ ਰਾਊਫ, ਸ਼ਾਹੀਨ ਅਫਰੀਦੀ

ਨਿਊਜ਼ੀਲੈਂਡ : ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਈਸ਼ ਸੋਢੀ, ਲਾਕੀ ਫਰਗੂਸਨ, ਟ੍ਰੇਂਟ ਬੋਲਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News