ਅਜੇਤੂ ਟੀਮਾਂ ਵਿਚਾਲੇ ਫਾਈਨਲ ’ਚ ਚਮਤਕਾਰੀ ਭਾਰਤ ਸਾਹਮਣੇ ਦਮਦਾਰ ਦੱਖਣੀ ਅਫਰੀਕਾ ਦੀ ਚੁਣੌਤੀ

Friday, Jun 28, 2024 - 05:44 PM (IST)

ਅਜੇਤੂ ਟੀਮਾਂ ਵਿਚਾਲੇ ਫਾਈਨਲ ’ਚ ਚਮਤਕਾਰੀ ਭਾਰਤ ਸਾਹਮਣੇ ਦਮਦਾਰ ਦੱਖਣੀ ਅਫਰੀਕਾ ਦੀ ਚੁਣੌਤੀ

ਬ੍ਰਿਜਟਾਊਨ (ਬਾਰਬਾਡੋਸ)– ਰੋਹਿਤ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਟੀਮ ਸ਼ਨੀਵਾਰ ਨੂੰ ਜਦੋਂ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਦੱਖਣੀ ਅਫਰੀਕਾ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਉਸਦੇ ਸਾਹਮਣੇ ਪਿਛਲੇ 10 ਸਾਲਾਂ ਤੋਂ ਵੱਧ ਦੇ ਵਿਸ਼ਵ ਪੱਧਰੀ ਖਿਤਾਬੀ ਸੋਕੇ ਨੂੰ ਖਤਮ ਕਰਨ ਦੀ ਚੁਣੌਤੀ ਹੋਵੇਗੀ। ਆਪਣੇ ਫਾਈਨਲ ਤਕ ਦੇ ਸਫਰ ਵਿਚ ਦੋਵੇਂ ਟੀਮਾਂ ਅਜੇਤੂ ਰਹੀਆਂ ਹਨ ਪਰ ਵੱਡੇ ਟੂਰਨਾਮੈਂਟਾਂ ਦੇ ਕਈ ਫਾਈਨਲ ਮੈਚ ਵਿਚ ਖੇਡਣ ਦੇ ਤਜਰਬੇ ਕਾਰਨ ਭਾਰਤ ਦਾ ਪੱਲੜਾ ਭਾਰੀ ਹੋਵੇਗਾ। ਦੱਖਣੀ ਅਫਰੀਕਾ 1998 ਤੋਂ ਬਾਅਦ ਪਹਿਲੀ ਵਾਰ ਆਈ. ਸੀ. ਸੀ. ਦੇ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਿਆ ਹੈ।
ਟੂਰਨਾਮੈਂਟ ਵਿਚ ਭਾਰਤ ਦੀ ਮੁਹਿੰਮ ਪਿਛਲੇ ਸਾਲ ਘਰੇਲੂ ਵਨ ਡੇ ਵਿਸ਼ਵ ਕੱਪ ਦੀ ਤਰ੍ਹਾਂ ਹੀ ਰਹੀ ਹੈ, ਜਿੱਥੇ ਉਹ ਫਾਈਨਲ ਵਿਚ ਪਹੁੰਚਿਆ ਸੀ ਪਰ ਖਿਤਾਬੀ ਮੁਕਾਬਲੇ ਵਿਚ ਆਸਟ੍ਰੇਲੀਆ ਨੇ ਉਸ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ। ਭਾਰਤ ਇੱਥੇ ਵੀ ਹੁਣ ਤਕ ਸਰਵਸ੍ਰੇਸ਼ਠ ਟੀਮ ਰਿਹਾ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰ ਉਸਦੇ ਸਾਹਮਣੇ ਆਸਟ੍ਰੇਲੀਆ ਦੀ ਚੁਣੌਤੀ ਨਹੀਂ ਹੈ। 
ਦੱਖਣੀ ਅਫਰੀਕਾ ਦੀ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਵਿਚ ਇਕਲੌਤੀ ਜਿੱਤ 1998 ਵਿਚ ਚੈਂਪੀਅਨਸ ਟਰਾਫੀ (ਉਸ ਸਮੇਂ ਇਸਦਾ ਨਾਂ ਆਈ. ਸੀ. ਸੀ. ਨਾਕਆਊਟ ਟਰਾਫੀ ਸੀ) ਵਿਚ ਹੋਈ ਸੀ। ਟੀਮ ‘ਚੋਕਰਸ’ ਦੇ ਆਪਣੇ ਤਮਗੇ ਨੂੰ ਪਿੱਛੇ ਛੱਡ ਕੇ ਫਾਈਨਲ ਵਿਚ ਪਹੁੰਚੀ ਹੈ ਤੇ ਉਹ ਖਿਤਾਬੀ ਮੁਕਾਬਲੇ ਵਿਚ ਵੀ ਇਸ ਤਮਗੇ ਨੂੰ ਜਿੱਤਣ ਦੀ ਕੋਸ਼ਿਸ਼ ਕਰਨਗੇ। ਆਈ. ਪੀ. ਐੱਲ. ਕਿਤਾਬ ਨੂੰ ਆਪਣੀਆਂ ਹੁਣ ਤਕ ਸਭ ਤੋਂ ਵੱਡੀਆਂ ਉਪਲਬੱਧੀਆਂ ਦੱਸਣ ਵਾਲੇ ਉਸਦੇ ਕੁਝ ਖਿਡਾਰੀਆਂ ਲਈ ਵਿਸ਼ਵ ਕੱਪ ਟਰਾਫੀ ਸਭ ਤੋਂ ਵੱਡਾ ਐਵਾਰਡ ਹੋਵੇਗਾ। 
ਗਯਾਨਾ ਵਿਚ ਸੈਮੀਫਾਈਨਲ ਵਿਚ ਭਾਰਤ ਦੀ ਇੰਗਲੈਂਡ ’ਤੇ ਜਿੱਤ ਤੋਂ ਬਾਅਦ ਪ੍ਰਸ਼ੰਸਕਾਂ ਤੇ ਮਾਹਿਰਾਂ ਦੀਆਂ ਭਾਵਨਾਵਾਂ ਨੂੰ ਦੇਖਿਆ ਜਾਵੇ ਤਾਂ ਰੋਹਿਤ ਸ਼ਰਮਾ ਦੀ ਟੀਮ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਹੋਵੇਗੀ। ਭਾਰਤੀ ਟੀਮ ਦਾ ਸੁਮੇਲ ਕੈਰੇਬੀਆਈ ਦੇਸ਼ਾਂ ਦੀਆਂ ਪਿੱਚਾਂ ਮੁਤਾਬਕ ਹੈ। ਟੀਮ ਇਸ ਮੈਚ ਵਿਚ ਪਿਛਲੇ ਸਾਲ 19 ਨਵੰਬਰ ਨੂੰ ਅਹਿਮਦਾਬਾਦ ਵਿਚ ਇਕ ਲੱਖ ਦਰਸ਼ਕਾਂ ਸਾਹਮਣੇ ਆਸਟ੍ਰੇਲੀਆ ਵਿਰੁੱਧ ਮਿਲੀ ਵਨ ਡੇ ਵਿਸ਼ਵ ਕੱਪ ਫਾਈਨਲ ਦੀ ਨਿਰਾਸ਼ਾ ਨੂੰ ਪਿੱਛੇ ਛੱਡਣ ਲਈ ਬੇਕਰਾਰ ਹੈ। 
ਵਿਸ਼ਵ ਕੱਪ ਖਿਤਾਬ ਜਿੱਤ ਚੁੱਕੇ ਇਕ ਕਪਤਾਨ ਨੇ ਗਯਾਨਾ ਤੋਂ ਬਾਰਬਾਡੋਸ ਦੀ ਉਢਾਣ ਦੌਰਾਨ ਕਿਹਾ,‘‘ਮੈਂ ਜਾਣਦਾ ਹਾਂ ਕਿ ਆਈ. ਸੀ. ਸੀ. ਫਾਈਨਲ ਵਿਚ ਭਾਰਤ ਦੇ ਨਾਲ ਲੰਬੇ ਸਮੇਂ ਤੋਂ ਸਮੱਸਿਆਵਾਂ ਰਹੀਆਂ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਦੱਖਣੀ ਅਫਰੀਕਾ ਕੋਈ ਚੁਣੌਤੀ ਪੇਸ਼ ਕਰ ਸਕੇਗਾ। ਭਾਰਤ ਹੁਣ ਤਕ ਟੂਰਨਾਮੈਂਟ ਦੀ ਸਰਵਸ੍ਰੇਸ਼ਠ ਟੀਮ ਰਹੀ ਹੈ ਤੇ ‘ਮੈਨ ਟੂ ਮੈਨ’ ਦੇ ਮਾਮਲੇ ਵਿਚ ਵੀ ਦੱਖਣੀ ਅਫਰੀਕਾ ਕਮਜ਼ੋਰ ਟੀਮ ਨਜ਼ਰ ਆ ਰਹੀ ਹੈ।’’
ਭਾਰਤ ਦੀ ਖਿਤਾਬੀ ਜਿੱਤ ਕੋਚ ਰਾਹੁਲ ਦ੍ਰਾਵਿੜ ਲਈ ਵੀ ਇਕ ਆਦਰਸ਼ ਵਿਦਾਈ ਹੋਵੇਗੀ, ਜਿਸ ਨੇ 2007 ਦੇ ਕੈਰੇਬੀਆਈ ਦੇਸ਼ਾਂ ਵਿਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਵਿਚ ਟੀਮ ਦੀ ਅਗਵਾਈ ਕੀਤੀ ਸੀ। ਇਸ ਵਿਸ਼ਵ ਕੱਪ  ਕੱਪ ਵਿਚ ਭਾਰਤ ਸ਼ੁਰੂਆਤੀ ਗੇੜ ਵਿਚੋਂ ਬਾਹਰ ਹੋ ਗਿਆ ਸੀ। ਇਕ ਕੋਚ ਦੇ ਰੂਪ ਵਿਚ ਟੀਮ ਉਸ ਨੂੰ ਯਾਦਗਾਰ ਵਿਦਾਈ ਦੇਣ ਦੀ ਕੋਸ਼ਿਸ਼ ਕਰੇਗੀ। 
ਭਾਰਤ 10 ਸਾਲ ਵਿਚ ਪਹਿਲੀ ਵਾਰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ ਤੇ ਇਸਦਾ ਸਿਹਰਾ ਵੈਸਟਇੰਡੀਜ਼ ਦੇ ਹਾਲਾਤ ਵਿਚ ਟੀਮ ਦੇ ਸ਼ਾਨਦਾਰ ਤਾਲਮੇਲ ਬਿਠਾਉਣ ਦੇ ਨਾਲ ਮੈਨੇਜਮੈਂਟ ਦੀ ਸਪੱਸ਼ਟ ਸੋਚ ਨੂੰ ਵੀ ਜਾਂਦਾ ਹੈ। ਉਸ ਨੇ ਕੈਰੇਬੀਅਨ ਦੇਸ਼ਾਂ ਵਿਚ ਸਪਿਨ ਦੇ ਅਨੁਕੂਲ ਪਿੱਚਾਂ ’ਤੇ ਆਪਣੇ ‘ਤਾਸ਼ ਦਾ ਯੱਕਾ’ ਕੁਲਦੀਪ ਯਾਦਵ ਨੂੰ ਟੀਮ ਵਿਚ ਲਿਆਉਣ ਤੋਂ ਪਹਿਲਾਂ ਨਿਊਯਾਰਕ ਵਿਚ ਤੇਜ਼ ਗੇਂਦਬਾਜ਼ਾਂ ਦੀਆਂ ਮਦਦਗਾਰ ਪਿੱਚਾਂ ’ਤੇ ਤਿੰਨ ਮਾਹਿਰ ਪੇਸਰਾਂ ਦਾ ਇਸਤੇਮਾਲ ਕੀਤਾ। 
ਭਾਰਤ ਨਿਸ਼ਚਿਤ ਤੌਰ ’ਤੇ ਪਿਛਲੇ ਮੈਚ ਦੇ ਆਖਰੀ-11 ਵਿਚ ਕਾਇਮ ਰਹੇਗਾ ਪਰ ਟੀਮ ਨੂੰ ਘੱਟ ਤੋਂ ਘੱਟ 2 ਖਿਡਾਰੀਆਂ ਤੋਂ ਦਮਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਧਾਕੜ ਵਿਰਾਟ ਕੋਹਲੀ ਅਜੇ ਤਕ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਆਈ. ਪੀ. ਐੱਲ. ਦੇ ਸ਼ਾਨਦਾਰ ਸੈਸ਼ਨ ਤੋਂ ਬਾਅਦ ਟੀਮ ਨੂੰ ਉਸ ਤੋਂ ਕਾਫੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਪਰ ਉਹ ਹੁਣ ਤਕ ਇਸ ’ਤੇ ਖਰਾ ਨਹੀਂ ਉਤਰਿਆ।
ਅਸਮਾਨੀ ਉਛਾਲ ਵਾਲੀਆਂ ਪਿੱਚਾਂ ’ਤੇ ਵੱਡੀਆਂ ਸ਼ਾਟਾਂ ਲਗਾਉਣਾ ਚੁਣੌਤੀਪੂਰਨ ਰਿਹਾ ਹੈ। ਭਾਰਤ ਦੇ ਇਸ ਸਾਬਕਾ ਕਪਤਾਨ ਨੇ ਹਮਲਾਵਰ ਰਵੱਈਆ ਅਪਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਗੇਂਦਬਾਜ਼ਾਂ ’ਤੇ ਹਾਵੀ ਨਹੀਂ ਹੋ ਸਕਿਆ ਹੈ। ਉਸ ਦਾ ਸਲਾਮੀ ਜੋੜੀਦਾਰ ਤੇ ਕਪਤਾਨ ਰੋਹਿਤ ਸ਼ਰਮਾ ਨੇ ਹਾਲਾਂਕਿ ਉਸਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਕਿਹਾ,‘‘ਉਹ ਇਸ ਨੂੰ (ਵੱਡੀ ਪਾਰੀ ਨੂੰ) ਫਾਈਨਲ ਲਈ ਬਚਾ ਰਿਹਾ ਹੈ।’’
ਟੀ-20 ਕੌਮਾਂਤਰੀ ਵਿਚ ਹੋ ਸਕਦਾ ਹੈ ਕਿ ਇਹ ਕੋਹਲੀ ਤੇ ਰੋਹਿਤ ਦਾ ਆਖਰੀ ਮੈਚ ਹੋਵੇ। ਕੋਹਲੀ ਦੇ ਉਲਟ ਰੋਹਿਤ ਨੇ ਟੂਰਨਾਮੈਂਟ ਵਿਚ ਬੇਖੌਫ ਤੇ ਬੇਪ੍ਰਵਾਹ ਹੋ ਕੇ ਬੱਲੇਬਾਜ਼ੀ ਕੀਤੀ ਹੈ। ਟੀਮ ਨੂੰ ਉਸ ਤੋਂ ਫਾਈਨਲ ਵਿਚ ਇਕ ਹੋਰ ਧਮਾਕੇਦਾਰ ਸ਼ੁਰੂਆਤ ਦੀ ਉਮੀਦ ਹੋਵੇਗੀ। ਭਾਰਤੀ ਕਪਤਾਨ ਨੂੰ ਦਬਾਅ ਵਾਲੇ ਮੈਚ ਵਿਚ ਸ਼ਿਵਮ ਦੂਬੇ ਤੋਂ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਟੂਰਨਾਮੈਂਟ ਵਿਚ ਹੁਣ ਤਕ ਖਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਉਹ ਕੇਸ਼ਵ ਮਹਾਰਾਜ ਤੇ ਤਬਰੇਜ ਸ਼ੰਮਸੀ ਵਰਗੇ ਸਪਿਨਰਾਂ ਵਿਰੁੱਧ ਵੱਡੀਆਂ ਸ਼ਾਟਾਂ ਖੇਡ ਕੇ ਹੀਰੋ ਬਣ ਸਕਦਾ ਹੈ। ਰਿਸ਼ਭ ਪੰਤ ਤੇ ਸੂਰਯਕੁਮਾਰ ਯਾਦਵ ਮੱਧਕ੍ਰਮ ਵਿਚ ਹਮਲਾਵਰ ਬੱਲੇਬਾਜ਼ੀ ਕਰ ਰਿਹਾ ਹੈ ਤੇ ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਨੇ ਛੋਟੀਆਂ ਪਰ ਅਸਰਦਾਇਕ ਪਾਰੀਆਂ ਖੇਡੀਆਂ ਹਨ। 
ਗੇਂਦਬਾਜ਼ੀ ਵਿਭਾਗ ਵਿਚ ਭਾਰਤ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਤੇਜ਼ ਗੇਂਦਬਾਜ਼ ਤੇ ਸਪਿਨਰ ਦੋਵੇਂ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਹੇ ਹਨ। ਇੰਗਲੈਂਡ ਵਿਰੁੱਧ ਸੈਮੀਫਾਈਨਲ ਦੇ ਤੁਰੰਤ ਬਾਅਦ ਇੱਥੇ ਪਹੁੰਚਣ ਤੋਂ ਉਸ ਨੂੰ ਭਰੋਸਾ ਤੇ ਉੱਭਰਨ ਲਈ ਕੀਤੇ ਸਿਰਫ ਇਕ ਦਿਨ ਦਾ ਸਮਾਂ ਮਿਲਿਆ ਹੈ।
ਇਹ ਸਿਲਸਿਲਾ ਹਾਲਾਂਕਿ ਇਸ ਮੈਦਾਨ ’ਤੇ ਭਾਰਤੀ ਟੀਮ ਦੇ ਸੁਪਰ-8 ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਤੋਂ ਜਾਰੀ ਹੈ। ਦੱਖਣੀ ਅਫਰੀਕਾ ਨੂੰ ਫਾਈਨਲ ਤੋਂ ਪਹਿਲਾਂ ਇਕ ਵਾਧੂ ਦਿਨ ਮਿਲਿਆ ਹੈ ਤੇ ਉਹ ਸ਼ੁੱਕਰਵਾਰ ਨੂੰ ਅਭਿਆਸ ਕਰਨਗੇ। ਭਾਰਤ ਦੇ ਉਲਟ, ਉਸਦੇ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ ਕਿਉਂਕਿ ਉਹ ਪਹਿਲਾਂ ਕਦੇ ਵਿਸ਼ਵ ਕੱਪ ਫਾਈਨਲ ਦਾ ਹਿੱਸਾ ਨਹੀਂ ਰਿਹਾ ਹੈ। ਤ੍ਰਿਨੀਦਾਦ ਵਿਚ ਅਫਗਾਨਿਸਤਾਨ ’ਤੇ ਸ਼ਾਨਦਾਰ ਜਿੱਤ ਤੋਂ ਬਾਅਦ ਅਫਰੀਕੀ ਟੀਮ ਖਿਤਾਬੀ ਜਿੱਤ ਦਾ ਸਵਾਦ ਚੱਖਣ ਲਈ ਉਤਾਵਲੀ ਹੋਵੇਗੀ। ਉਸ ਨੂੰ ਕਵਿੰਡਨ ਡੀ ਕੌਕ ਤੇ ਰੀਜਾ ਹੈਂਡ੍ਰਿਕਸ ਦੀ ਸਲਾਮੀ ਜੋੜੀ ਤੋਂ ਦੌੜਾਂ ਦੀ ਉਮੀਦ ਹੋਵੇਗੀ, ਖਾਸ ਤੌਰ ’ਤੇ ਧਾਕੜ ਵਿਕਟਕੀਪਰ ਬੱਲੇਬਾਜ਼ ਜਿਹੜਾ ਲੈਣ ਵਿਚ ਹੋਣ ’ਤੇ ਵਿਰੋਧੀ ਟੀਮ ’ਤੇ ਦਬਾਅ ਬਣਾ ਸਕਦਾ ਹੈ। ਕਪਤਾਨ ਐਡਨ ਮਾਰਕ੍ਰਾਮ ਸੁਪਰ-8 ਵਿਚ ਵੱਡੀਆਂ ਟੀਮਾਂ ਵਿਰੁੱਧ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਫਾਈਨਲ ਵਿਚ ਟੀਮ ਲਈ ਸਭ ਕੁਝ ਝੋਂਕਣ ਨੂੰ ਤਿਆਰ  ਹੋਵੇਗਾ। ਇਸ ਸਵਰੂਪ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ਵਿਚ ਸ਼ਾਮਲ ਹੈਨਰਿਕ ਕਲਾਸੇਨ ਨੂੰ ਵੀ ਦੌੜਾਂ ਦੀ ਲੋੜ ਹੈ ਤੇ ਇਸਦੇ ਲਈ ਉਸ ਨੂੰ ਵਿਚਾਲੇ ਦੇ ਓਵਰਾਂ ਵਿਚ ਸਪਿਨ ਦੇ ਖਤਰੇ ਨਾਲ ਨਜਿੱਠਣਾ ਹੋਵੇਗਾ। 
ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ੀ ਵਿਭਾਗ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਇੱਥੇ ਦਿਨ ਦੇ ਮੈਚ ਵਿਚ ਉਹ ਕਿੰਨਾ ਅਸਰਦਾਇਕ ਹੁੰਦਾ ਹੈ। ਸ਼ੰਮਸੀ ਤੇ ਮਹਾਰਾਜ ਸਪਿਨ ਵਿਭਾਗ ਵਿਚ ਪ੍ਰਭਾਵਸ਼ਾਲੀ ਰਿਹਾ ਹੈ ਪਰ ਭਾਰਤੀ ਬੱਲੇਬਾਜ਼ ਉਸ ਨਾਲ ਨਜਿੱਠਣ ਦਾ ਤਰੀਕਾ ਜਾਣਦੇ ਹਨ। ਸ਼ਨੀਵਾਰ ਨੂੰ ਮੀਂਹ ਦੀ ਜ਼ਿਆਦਾ ਸੰਭਾਵਨਾ ਹੈ ਪਰ ਆਈ. ਸੀ. ਸੀ. ਨੇ ਇਸ ਮਹੱਤਵਪੂਰਨ ਮੁਕਾਬਲੇ ਲਈ ਇਕ ਰਿਜ਼ਰਵ ਦਿਨ ਰੱਖਿਆ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ- ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ,  ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਦੱਖਣੀ ਅਫਰੀਕਾ : ਐਡਨ ਮਾਰਕ੍ਰਾਮ (ਕਪਤਾਨ), ਓਟਨੀਲ ਬਾਰਟਮੈਨ, ਗੇਰਾਲਡ ਕੋਏਤਜ਼ੀ, ਕਵਿੰਡਨ ਡੀ ਕੌਕ, ਬਯੋਰਨ ਫੋਰਟੂਈਨ, ਰੀਜਾ ਹੈਂਡ੍ਰਿਕਸ, ਮਾਰਕੋ ਜਾਨਸੇਨ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਨਰਿਕ ਨੋਰਤਜੇ, ਕੈਗਿਸੋ ਰਬਾਡਾ, ਰਿਆਨ ਰਿਕੇਲਟਨ, ਤਬਰੇਜ ਸ਼ੰਮਸੀ ਤੇ ਟ੍ਰਿਸਟਨ ਸਟੱਬਸ।
 


author

Aarti dhillon

Content Editor

Related News