T20 WC 2024 : ICC ਨੇ ਚੁਣੀ 'ਟੀਮ ਆਫ ਦ ਟੂਰਨਾਮੈਂਟ', ਲਿਸਟ 'ਚ 6 ਭਾਰਤੀ ਖਿਡਾਰੀ ਸ਼ਾਮਲ

Monday, Jul 01, 2024 - 04:56 PM (IST)

T20 WC 2024 : ICC ਨੇ ਚੁਣੀ 'ਟੀਮ ਆਫ ਦ ਟੂਰਨਾਮੈਂਟ', ਲਿਸਟ 'ਚ 6 ਭਾਰਤੀ ਖਿਡਾਰੀ ਸ਼ਾਮਲ

ਸਪੋਰਟਸ ਡੈਸਕ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਟੀ-20 ਵਿਸ਼ਵ ਕੱਪ 2024 ਲਈ ਆਪਣੀ 'ਟੀਮ ਆਫ ਦਿ ਟੂਰਨਾਮੈਂਟ' ਦੀ ਚੋਣ ਕੀਤੀ ਹੈ। ਆਈਸੀਸੀ ਨੇ ਜੇਤੂ ਟੀਮ ਇੰਡੀਆ ਦੇ 6 ਖਿਡਾਰੀਆਂ ਨੂੰ ਟੀਮ ਆਫ ਦਿ ਟੂਰਨਾਮੈਂਟ 'ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਉਪ ਜੇਤੂ ਦੱਖਣੀ ਅਫ਼ਰੀਕਾ ਦੀ ਟੀਮ ਦਾ ਕੋਈ ਵੀ ਖਿਡਾਰੀ ਸਿਖਰਲੇ 11 'ਚ ਥਾਂ ਨਹੀਂ ਬਣਾ ਸਕਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਆਈਸੀਸੀ ਵੱਲੋਂ ਚੁਣੀ ਗਈ ਟੂਰਨਾਮੈਂਟ ਦੀ ਟੀਮ 'ਚ ਜਗ੍ਹਾ ਮਿਲੀ ਹੈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਵਿਰਾਟ ਕੋਹਲੀ ਨੂੰ ਟੀਮ 'ਚੋਂ ਨਜ਼ਰਅੰਦਾਜ਼ ਕੀਤਾ ਗਿਆ।

ਦਰਅਸਲ, ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਈਸੀਸੀ ਵੱਲੋਂ ਚੁਣੀ ਗਈ ਟੂਰਨਾਮੈਂਟ ਦੀ ਟੀਮ 'ਚ ਜਗ੍ਹਾ ਮਿਲੀ ਹੈ। ਰੋਹਿਤ ਨੇ ਟੀ-20 ਵਿਸ਼ਵ ਕੱਪ 2024 'ਚ 156 ਦੀ ਸਟ੍ਰਾਈਕ ਰੇਟ ਨਾਲ ਕੁੱਲ 257 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਭਾਰਤ ਦੇ ਟੀ-20 ਵਿਸ਼ਵ ਕੱਪ ਦੇ ਤੀਜੇ ਫਾਈਨਲ 'ਚ ਪਹੁੰਚਣ ਦਾ ਵੱਡਾ ਕਾਰਨ ਸੀ। ਰੋਹਿਤ ਦੇ ਨਾਲ ਹੀ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਈਸੀਸੀ 11 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।

ਗੁਰਬਾਜ਼, ਜੋ ਸੀਜ਼ਨ 'ਚ 281 ਦੌੜਾਂ ਦੇ ਨਾਲ ਟੂਰਨਾਮੈਂਟ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ ਤੇ ਇਬਰਾਹਿਮ ਜ਼ਾਦਰਾਨ ਨਾਲ ਉਸ ਦੀ ਸਾਂਝੇਦਾਰੀ ਅਫਗਾਨਿਸਤਾਨ ਨੂੰ ਸੈਮੀਫਾਈਨਲ 'ਚ ਪਹੁੰਚਣ 'ਚ ਮਦਦ ਕਰਨ ਵਿਚ ਮਹੱਤਵਪੂਰਨ ਰਹੀ। ਵੈਸਟਇੰਡੀਜ਼ ਦੇ ਖਿਡਾਰੀ ਨਿਕੋਲਸ ਪੂਰਨ ਤੇ ਆਸਟ੍ਰੇਲਿਆਈ ਆਲਰਾਊਂਡਰ ਮਾਰਕਸ ਸਟੋਇਨਿਸ ਨੂੰ ਮਿਡਲ ਆਰਡਰ ਦੇ ਰੂਪ 'ਚ ਚੁਣਿਆ।

ਇਸ ਦੇ ਨਾਲ ਹੀ ਆਈਸੀਸੀ ਨੇ ਸੂਰਿਆਕੁਮਾਰ ਯਾਦਵ ਨੂੰ ਵੀ ਟੂਰਨਾਮੈਂਟ ਦੀ ਟੀਮ 'ਚ ਜਗ੍ਹਾ ਦਿੱਤੀ ਹੈ। ਸੂਰਿਆ ਨੇ ਫਾਈਨਲ ਮੈਚ 'ਚ ਬੱਲੇ ਨਾਲ ਭਾਵੇਂ ਕੁਝ ਖਾਸ ਕਮਾਲ ਨਹੀਂ ਕੀਤਾ ਪਰ ਉਸ ਨੇ ਸ਼ਾਨਦਾਰ ਕੈਚ ਲੈ ਕੇ ਮੈਚ ਦਾ ਰੁਖ ਬਦਲ ਦਿੱਤਾ। ਸੂਰਿਆ ਨੇ ਸੈਮੀਫਾਈਨਲ 'ਚ ਅਮਰੀਕਾ, ਅਫਗਾਨਿਸਤਾਨ ਤੇ ਇੰਗਲੈਂਡ ਖਿਲਾਫ਼ ਚੰਗੀ ਪਾਰੀ ਖੇਡੀ ਸੀ। ਹਾਰਦਿਕ ਤੇ ਅਕਸ਼ਰ ਪਟੇਲ ਦੋ ਹਰਫਨਮੌਲਾ ਨੂੰ ਟੀਮ ਆਫ ਦ ਟੂਰਨਾਮੈਂਟ 'ਚ ਜਗ੍ਹਾ ਮਿਲੀ। ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਫਜ਼ਲਹਾਲ ਫਾਰੂਕੀ ਨੂੰ ਵੀ ਟੂਰਨਾਮੈਂਟ ਦੀ ਟੀਮ 'ਚ ਜਗ੍ਹਾ ਮਿਲੀ ਹੈ।

ਟੀਮ ਆਫ ਟੂਰਨਾਮੈਂਟ :

ਰੋਹਿਤ ਸ਼ਰਮਾ, ਰਹਿਮਾਨਉੱਲ੍ਹਾ ਗੁਰਬਾਜ਼, ਨਿਕੋਲਸ ਪੂਰਨ, ਸੂਰਿਆਕੁਮਾਰ ਯਾਦਵ, ਮਾਰਕਸ ਸਟੋਇਨਿਸ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਫਜ਼ਲਹਕ ਫਾਰੂਕੀ।


author

Tarsem Singh

Content Editor

Related News