T20 WC : ਸ਼੍ਰੀਲੰਕਾ ''ਤੇ ਜਿੱਤ ਤੋਂ ਬਾਅਦ ਤੇਂਦੁਲਕਰ ਨੇ ਕੀਤੀ ਨਾਮੀਬੀਆ ਦੀ ਸ਼ਲਾਘਾ, ਕਿਹਾ- ''ਨਾਂ ਯਾਦ ਰੱਖਿਓ''

Sunday, Oct 16, 2022 - 05:12 PM (IST)

ਮੁੰਬਈ— ਮਹਾਨ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਟੂਰਨਾਮੈਂਟ ਦੇ ਪਹਿਲੇ ਮੈਚ 'ਚ ਸ਼੍ਰੀਲੰਕਾ 'ਤੇ ਮਿਲੀ ਜਿੱਤ ਤੋਂ ਬਾਅਦ ਨਾਮੀਬੀਆਈ ਕ੍ਰਿਕਟ ਟੀਮ ਦੀ ਸ਼ਲਾਘਾ ਕੀਤੀ ਹੈ। ਨਾਮੀਬੀਆ ਨੇ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਆਪਣੇ ਗਰੁੱਪ ਏ ਦੇ ਸ਼ੁਰੂਆਤੀ ਮੈਚ ਵਿੱਚ ਏਸ਼ੀਆ ਕੱਪ 2022 ਦੀ ਚੈਂਪੀਅਨ ਸ਼੍ਰੀਲੰਕਾ ਨੂੰ 55 ਦੌੜਾਂ ਨਾਲ ਹਰਾ ਕੇ ਇਤਿਹਾਸ ਰਚਿਆ, ਜੋ ਕਿ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕਿਸੇ ਸਹਿਯੋਗੀ ਟੀਮ ਬਨਾਮ ਪੂਰਨ ਮੈਂਬਰ ਟੀਮ ਵਿਚਕਾਰ ਦੌੜਾਂ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਵਾਲੀ ਤੀਜੀ ਟੀਮ ਬਣੀ। ਤੇਂਦੁਲਕਰ ਨੇ ਟਵੀਟ ਕੀਤਾ, "ਨਾਮੀਬੀਆ ਨੇ ਅੱਜ ਕ੍ਰਿਕਟ ਜਗਤ ਨੂੰ ਦੱਸ ਦਿੱਤਾ ਹੈ..."ਨਾਂ" ਯਾਦ ਰੱਖਿਓ!।

PunjabKesari

ਨਾਮੀਬੀਆ ਤੋਂ ਮਿਲੇ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ। ਉਸ ਨੇ ਕੁਸਲ ਮੈਂਡਿਸ (6), ਪਾਥੁਮ ਨਿਸਾਨਕਾ (9) ਅਤੇ ਦਾਨੁਸ਼ਕਾ ਗੁਣਾਤਿਲਾ (0) ਦੀਆਂ ਮਹੱਤਵਪੂਰਨ ਵਿਕਟਾਂ ਸਿਰਫ 21 ਦੌੜਾਂ 'ਤੇ ਗੁਆ ਦਿੱਤੀਆਂ। ਹਾਲਾਂਕਿ ਇਸ ਤੋਂ ਬਾਅਦ ਧਨੰਜੇ ਡੀ ਸਿਲਵਾ ਅਤੇ ਭਾਨੁਕਾ ਰਾਜਪਕਸ਼ੇ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਨਾਮੀਬੀਆ ਦੇ ਖਿਲਾਫ ਬੇਵੱਸ ਨਜ਼ਰ ਆਏ ਅਤੇ 7ਵੇਂ ਓਵਰ 'ਚ ਡੀ ਸਿਲਵਾ ਅਤੇ 11ਵੇਂ ਓਵਰ 'ਚ ਰਾਜਪਕਸ਼ੇ ਆਊਟ ਹੋ ਗਏ। ਇਸ ਤੋਂ ਬਾਅਦ ਵੀ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਟੀਮ 19 ਓਵਰਾਂ 'ਚ 108 ਦੌੜਾਂ 'ਤੇ ਢੇਰ ਹੋ ਗਈ। ਡੇਵਿਡ ਵਿਸੇ, ਬਰਨਾਰਡ ਸ਼ੋਲਟਜ਼, ਬੇਨ ਸ਼ਿਕੋਂਗੋ ਅਤੇ ਜਾਨ ਫਰੀਲਿੰਕ ਨੇ 2-2 ਵਿਕਟਾਂ ਲਈਆਂ ਜਦਕਿ ਜੇ ਜੇ ਸਮਿਟੋ ਨੂੰ ਇਕ ਵਿਕਟ ਮਿਲੀ।

ਇਹ ਵੀ ਪੜ੍ਹੋ : T20 ਵਿਸ਼ਵ ਕੱਪ 'ਚ 23 ਅਕਤੂਬਰ ਨੂੰ ਪਾਕਿ ਨਾਲ ਮੁਕਾਬਲੇ ਤੋਂ ਪਹਿਲਾਂ ਰੋਹਿਤ ਸ਼ਰਮਾ ਦਾ ਅਹਿਮ ਬਿਆਨ

ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਨਾਮੀਬੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਬੁਲਾਇਆ। ਜੇਨ ਫ੍ਰੀਲਿੰਕ (44) ਅਤੇ ਜੇ ਜੇ ਸਮਿਟ (ਅਜੇਤੂ 31) ਦਰਮਿਆਨ 70 ਦੌੜਾਂ ਦੀ ਵਿਸਫੋਟਕ ਸਾਂਝੇਦਾਰੀ ਦੀ ਮਦਦ ਨਾਲ ਨਾਮੀਬੀਆ ਨੇ ਐਤਵਾਰ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਗਰੁੱਪ ਏ ਮੈਚ ਵਿੱਚ ਸ਼੍ਰੀਲੰਕਾ ਦੇ ਸਾਹਮਣੇ 164 ਦੌੜਾਂ ਦਾ ਟੀਚਾ ਰੱਖਿਆ। ਫਰੀਲਿੰਕ ਨੇ 28 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ ਜਦਕਿ ਸਮਿਟ ਨੇ 16 ਗੇਂਦਾਂ 'ਤੇ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 31 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਨਾਮੀਬੀਆ ਨੂੰ 20 ਓਵਰਾਂ 'ਚ 163/7 ਦੇ ਸਕੋਰ ਤਕ ਪਹੁੰਚਾਇਆ। ਸ਼੍ਰੀਲੰਕਾ ਵਲੋਂ ਪ੍ਰਮੋਦ ਮਦੁਸ਼ਾਨੀ ਨੇ 2 ਵਿਕਟਾਂ ਲਈਆਂ ਜਦਕਿ ਦਿਕਸ਼ਾਨਾ, ਚਮੀਰਾ, ਕਰੁਣਾਰਤਨੇ ਅਤੇ ਹਸਾਰੰਗਾ ਨੇ ਇਕ-ਇਕ ਵਿਕਟ ਲਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News