T20 WC: ਇੰਗਲੈਂਡ ਦੀਆਂ ਉਮੀਦਾਂ ''ਤੇ ਪਾਣੀ ਫੇਰ ਸਕਦਾ ਹੈ ਮੀਂਹ
Wednesday, Jun 12, 2024 - 05:26 PM (IST)
ਨਾਰਥ ਸਾਊਂਡ : ਆਪਣੀ ਪਹਿਲੀ ਜਿੱਤ ਦਰਜ ਕਰਨ ਲਈ ਬੇਤਾਬ ਇੰਗਲੈਂਡ ਦੀਆਂ ਉਮੀਦਾਂ 'ਤੇ ਓਮਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਮੈਚ 'ਚ ਮੀਂਹ ਕਾਰਨ ਪਾਣੀ ਫਿਰ ਸਕਦਾ ਹੈ। ਸਾਬਕਾ ਚੈਂਪੀਅਨ ਇੰਗਲੈਂਡ ਨੂੰ ਸੁਪਰ 8 'ਚ ਜਗ੍ਹਾ ਬਣਾਉਣ ਲਈ ਕਿਸੇ ਵੀ ਕੀਮਤ 'ਤੇ ਗਰੁੱਪ ਬੀ ਦੇ ਆਪਣੇ ਬਾਕੀ ਦੋਵੇਂ ਮੈਚ ਜਿੱਤਣੇ ਹੋਣਗੇ। ਉਸ ਕੋਲ ਦੋ ਮੈਚਾਂ ਵਿੱਚੋਂ ਸਿਰਫ਼ ਇੱਕ ਅੰਕ ਹੈ ਜੋ ਉਸ ਨੂੰ ਸਕਾਟਲੈਂਡ ਖ਼ਿਲਾਫ਼ ਮੈਚ ਮੀਂਹ ਕਾਰਨ ਰੱਦ ਹੋਣ ਕਾਰਨ ਮਿਲਿਆ।
ਜੋਸ ਬਟਲਰ ਦੀ ਅਗਵਾਈ ਵਾਲੀ ਟੀਮ ਲਈ ਇਹ ਖਬਰ ਚੰਗੀ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਨੇ ਓਮਾਨ ਖਿਲਾਫ ਮੈਚ ਵਾਲੇ ਦਿਨ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਓਮਾਨ ਤੋਂ ਬਾਅਦ ਇੰਗਲੈਂਡ ਨੇ ਆਪਣਾ ਆਖਰੀ ਲੀਗ ਮੈਚ ਇਸ ਮੈਦਾਨ 'ਤੇ ਨਾਮੀਬੀਆ ਖਿਲਾਫ ਖੇਡਣਾ ਹੈ। ਇਹ ਦੋਵੇਂ ਮੈਚ ਜਿੱਤਣ ਦੇ ਬਾਵਜੂਦ ਇੰਗਲੈਂਡ ਨੂੰ ਆਸਟ੍ਰੇਲੀਆ ਅਤੇ ਸਕਾਟਲੈਂਡ ਵਿਚਾਲੇ ਹੋਣ ਵਾਲੇ ਮੈਚ ਵਿਚ ਚੰਗੇ ਨਤੀਜੇ ਲਈ ਦੁਆ ਕਰਨੀ ਪਵੇਗੀ।
ਆਸਟਰੇਲੀਆ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਸੁਪਰ 8 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸਕਾਟਲੈਂਡ ਤਿੰਨ ਮੈਚਾਂ ਵਿੱਚ ਪੰਜ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਅਤੇ ਜੇਕਰ ਉਹ ਆਪਣੇ ਆਖ਼ਰੀ ਮੈਚ ਵਿੱਚ ਆਸਟਰੇਲੀਆ ਨੂੰ ਹਰਾਉਂਦਾ ਹੈ ਤਾਂ ਉਸਦੇ ਸੱਤ ਅੰਕ ਹੋ ਜਾਣਗੇ ਅਤੇ ਉਹ ਸੁਪਰ 8 ਵਿੱਚ ਥਾਂ ਬਣਾ ਲਵੇਗਾ। ਇਸ ਲਈ ਇੰਗਲੈਂਡ ਇਸ ਮੈਚ 'ਚ ਆਸਟ੍ਰੇਲੀਆ ਦੀ ਜਿੱਤ ਲਈ ਅਰਦਾਸ ਕਰੇਗਾ। ਜਿੱਥੋਂ ਤੱਕ ਓਮਾਨ ਦਾ ਸਬੰਧ ਹੈ, ਉਹ ਹੁਣ ਤੱਕ ਤਿੰਨੋਂ ਮੈਚ ਹਾਰ ਚੁੱਕਾ ਹੈ ਅਤੇ ਅਗਲੇ ਦੌਰ ਵਿੱਚ ਥਾਂ ਬਣਾਉਣ ਦੀ ਦੌੜ ਤੋਂ ਬਾਹਰ ਹੋ ਗਿਆ ਹੈ।