T20 WC : ਵੈਸਟਇੰਡੀਜ਼ ਦੇ ਖਿਡਾਰੀਆਂ ''ਤੇ ਲੱਗਾ ਭਾਰੀ ਜੁਰਮਾਨਾ, ਜਾਣੋ ਵਜ੍ਹਾ
Friday, Nov 05, 2021 - 05:09 PM (IST)
ਆਬੂ ਧਾਬੀ- ਵੈਸਟਇੰਡੀਜ਼ ਦੇ ਖਿਡਾਰੀਆਂ 'ਤੇ ਇੱਥੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਿਸ਼ਵ ਕੱਪ ਦੇ ਸੁਪਰ 12 ਪੜਾਅ ਦੇ ਗਰੁੱਪ ਇਕ ਦੇ ਮੈਚ 'ਚ ਸ਼੍ਰੀਲੰਕਾ ਤੋਂ ਮਿਲੀ 20 ਦੌੜਾਂ ਦੀ ਹਾਰ ਦੇ ਦੌਰਾਨ ਹੌਲੀ ਓਵਰ ਰਫ਼ਤਾਰ ਲਈ ਉਨ੍ਹਾਂ ਦੀ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ।
ਮੈਚ ਰੈਫ਼ਰੀਆਂ ਦੇ ਐਮਿਰੇਟਸ ਆਈ. ਸੀ. ਸੀ. ਐਲੀਟ ਪੈਨਲ ਦੇ ਡੇਵਿਡ ਬੂਨ ਨੇ ਇਹ ਜੁਰਮਾਨਾ ਲਾਇਆ ਕਿਉਂਕਿ ਕੀਰੋਨ ਪੋਲਾਰਡ ਦੀ ਟੀਮ ਨੂੰ ਵੀਰਵਾਰ ਦੇ ਮੈਚ 'ਚ ਨਿਰਧਾਰਤ ਸਮੇਂ 'ਚ ਇਕ ਓਵਰ ਘੱਟ ਪਾਇਆ ਗਿਆ। ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਦੀ ਆਈ. ਸੀ .ਸੀ. ਆਚਾਰ ਸੰਹਿਤਾ ਮੁਤਾਬਕ ਖਿਡਾਰੀਆਂ ਨੂੰ ਨਿਰਧਾਰਤ ਸਮੇਂ 'ਚ ਗੇਂਦਬਾਜ਼ੀ ਕਰਨ 'ਚ ਅਸਫਲ ਹੋਣ 'ਤੇ ਹਰੇਕ ਓਵਰ ਦੇ ਲਈ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।
ਆਈ. ਸੀ. ਸੀ. ਦੇ ਬਿਆਨ ਦੇ ਮੁਤਾਬਕ ਪੋਲਾਰਡ ਨੇ ਉਲੰਘਣਾ ਤੇ ਪ੍ਰਸਾਤਵਤ ਜੁਰਮਾਨਾ ਕਬੂਲ ਕੀਤਾ ਹੈ ਇਸ ਲਈ ਅਧਿਕਾਰਤ ਸੁਣਵਾਈ ਦੀ ਲੋੜ ਨਹੀਂ ਪਈ। ਮੈਦਾਨੀ ਅੰਪਾਇਰ ਅਲੀਮ ਡਾਰ ਤੇ ਲੈਂਗਟਨ ਰੂਸੇਰੇ, ਥਰਡ ਅੰਪਾਇਰ ਪਾਲ ਵਿਲਸਨ ਤੇ ਚੌਥੇ ਅੰਪਾਇਰ ਰਿਚਰਡ ਕੇਟਲਬੋਰੋ ਨੇ ਦੋਸ਼ ਤੈਅ ਕੀਤੇ। ਸਾਬਕਾ ਚੈਂਪੀਅਨ ਵੈਸਟਇੰਡੀਜ਼ ਇਸ ਮੈਚ 'ਚ ਸ਼੍ਰੀਲੰਕਾ ਤੋਂ ਮਿਲੀ 20 ਦੌੜਾਂ ਦੀ ਹਾਰ ਦੇ ਬਾਅਦ ਸੈਮੀਫ਼ਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ।