ਭਾਰਤ ’ਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ’ਤੇ ‘ਕੋਵਿਡ-19’ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ

Thursday, Nov 18, 2021 - 01:15 PM (IST)

ਭਾਰਤ ’ਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ’ਤੇ ‘ਕੋਵਿਡ-19’ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ

ਜੈਪੁਰ (ਭਾਸ਼ਾ)- ਭਾਰਤ ਅਤੇ ਨਿਊਜ਼ੀਲੈਂਡ ’ਚ ਪਹਿਲੇ ਟੀ-20 ਅੰਤਰਰਾਸ਼ਟਰੀ ਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਕੋਵਿਡ-19 ਬਚਾਅ ਦਿਸ਼ਾ-ਨਿਰਦੇਸ਼ਾਂ ਦੀ ਖੁੱਲ੍ਹ ਕੇ ਉਲੰਘਣਾ ਹੋਈ, ਜਦੋਂ ਵੱਡੀ ਗਿਣਤੀ ’ਚ ਦਰਸ਼ਕਾਂ ਅਤੇ ਸਥਾਨਕ ਪੁਲਸ ਕਰਮਚਾਰੀਆਂ ਨੂੰ ਬਿਨਾਂ ਮਾਸਕ ਦੇਖਿਆ ਗਿਆ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਇਹ ਭਾਰਤ ’ਚ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਹੈ। ਸੀਰੀਜ਼ ਦੇ ਪਹਿਲੇ ਮੈਚ ਲਈ ਸਟੇਡੀਅਮ ਵਿਚ ਦਰਸ਼ਕਾਂ ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਗਿਆ ਹੈ ਪਰ ਦਰਸ਼ਕਾਂ ਨੂੰ ਟੀਕਾਕਰਨ ਜਾਂ ਆਰ.ਟੀ.-ਪੀ.ਸੀ.ਆਰ. ਟੈਸਟ ਦੇ ਨਕਾਰਾਤਮਕ ਨਤੀਜੇ ਦਾ ਸਬੂਤ ਦਿਖਾਉਣ 'ਤੇ ਹੀ ਸਵਾਈ ਮਾਨਸਿੰਘ ਸਟੇਡੀਅਮ ਵਿਚ ਦਾਖਲ ਹੋਣ ਦੀ ਇਜਾਜ਼ਤ ਹੈ। ਰਾਜਸਥਾਨ ਕ੍ਰਿਕਟ ਸੰਘ (ਆਰ.ਸੀ.ਏ.) ਨੂੰ ਮੈਚ ਦੀਆਂ ਸਾਰੀਆਂ ਟਿਕਟਾਂ ਵਿਕਣ ਦੀ ਉਮੀਦ ਸੀ ਪਰ ਮੈਚ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਤੱਕ 25,000 ਦਰਸ਼ਕਾਂ ਦੀ ਸਮਰੱਥਾ ਵਾਲਾ ਸਟੇਡੀਅਮ ਅੱਧੇ ਤੋਂ ਵੱਧ ਨਹੀਂ ਭਰਿਆ ਸੀ। ਸਟੇਡੀਅਮ ਦੇ ਬਾਹਰ ਖੜ੍ਹੇ ਪ੍ਰਸ਼ੰਸਕ ਸ਼ਹਿਰ ਵਿਚ 8 ਸਾਲਾਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ 'ਤੇ ਬਹੁਤ ਖੁਸ਼ ਸਨ ਪਰ ਉਨ੍ਹਾਂ ਵਿਚੋਂ ਘੱਟੋ-ਘੱਟ ਅੱਧਿਆਂ ਨੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਸਮਝਿਆ।

ਸਟੇਡੀਅਮ ਦੀ ਸੁਰੱਖਿਆ 'ਚ ਤਾਇਨਾਤ ਕਈ ਪੁਲਸ ਕਰਮਚਾਰੀ ਵੀ ਬਿਨਾਂ ਮਾਸਕ ਦੇ ਨਜ਼ਰ ਆਏ। ਸਟੇਡੀਅਮ ਦੇ ਅੰਦਰ ਸਥਾਨਕ ਪ੍ਰਸ਼ੰਸਕ ਅਨਿਲ ਗੁਪਤਾ ਨੇ ਦੱਸਿਆ, 'ਮੈਂ ਇੱਥੇ ਆਪਣੇ ਬੇਟੇ ਨਾਲ ਆਇਆ ਹਾਂ, ਕਿਉਂਕਿ ਮੈਨੂੰ ਮੁਫ਼ਤ ਪਾਸ ਮਿਲਿਆ ਸੀ। ਇੱਥੇ ਵਿਕਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਬਹੁਤ ਮਹਿੰਗੀਆਂ ਹਨ।' ਇਹ ਪੁੱਛੇ ਜਾਣ 'ਤੇ ਕਿ ਕੀ ਐਂਟਰੀ ਦੇ ਸਮੇਂ ਉਨ੍ਹਾਂ ਦੇ ਟੀਕਾਕਰਨ ਦੀ ਸਥਿਤੀ ਦੀ ਜਾਂਚ ਕੀਤੀ ਗਈ ਸੀ, ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਅਨਿਲ ਗੁਪਤਾ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ। ਇਕ ਕਾਲਜ ਵਿਦਿਆਰਥੀ ਮੋਹਿਤ ਸ਼ੇਰਾ ਵੀ ਬਿਨਾਂ ਮਾਸਕ ਦੇ ਘੁੰਮਦਾ ਦੇਖਿਆ ਗਿਆ। ਮੋਹਿਤ ਨੇ ਕਿਹਾ, 'ਮੈਂ ਇੱਥੇ ਇਸ ਲਈ ਆਇਆ ਹਾਂ, ਕਿਉਂਕਿ ਲੰਬੇ ਸਮੇਂ ਬਾਅਦ ਇਥੇ ਕੋਈ ਅੰਤਰਰਾਸ਼ਟਰੀ ਮੈਚ ਹੋ ਰਿਹਾ ਹੈ। ਮੈਂ ਖੁਦ ਵੀ ਖੇਡਦਾ ਹਾਂ ਅਤੇ ਮੈਚ ਦੇਖਣਾ ਰੋਮਾਂਚਕ ਹੁੰਦਾ ਹੈ।' ਜਦੋਂ ਮੋਹਿਤ ਨੂੰ ਪੁੱਛਿਆ ਗਿਆ ਕਿ ਉਸਨੇ ਮਾਸਕ ਕਿਉਂ ਨਹੀਂ ਪਾਇਆ, ਤਾਂ ਉਹ ਵਾਪਸ ਆਪਣੀ ਸੀਟ ਵੱਲ ਭੱਜ ਗਿਆ। ਮਹਾਮਾਰੀ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਸਟੇਡੀਅਮ ਦੇ ਅੰਦਰ ਦਰਸ਼ਕਾਂ  ਦੀ ਗਿਣਤੀ ਨੂੰ ਸੀਮਤ ਨਹੀਂ ਕੀਤਾ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿਚ ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੀ ਆਯੋਜਨ ਸਟੇਡੀਅਮ ਦੀ ਸਮਰੱਥਾ ਦੇ 50 ਫ਼ੀਸਦੀ ਦਰਸ਼ਕਾਂ ਦੀ ਮੌਜੂਦਗੀ ਵਿਚ ਹੋਇਆ ਸੀ, ਜਦੋਂ ਕਿ ਬਾਅਦ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਤੋਂ ਬਾਅਦ ਇਕ ਰੋਜ਼ਾ ਅੰਤਰਰਾਸ਼ਟਰੀ ਸੀਰੀਜ਼ ਖਾਲੀ ਸਟੇਡੀਅਮ ਵਿਚ ਆਯੋਜਿਤ ਕੀਤੀ ਗਈ ਸੀ।


author

cherry

Content Editor

Related News