T20 : ਭਾਰਤ ਨੇ ਵਿੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ, ਜਿੱਤੀ ਸੀਰੀਜ਼

Tuesday, Nov 06, 2018 - 11:54 PM (IST)

T20 : ਭਾਰਤ ਨੇ ਵਿੰਡੀਜ਼ ਨੂੰ 71 ਦੌੜਾਂ ਨਾਲ ਹਰਾਇਆ, ਜਿੱਤੀ ਸੀਰੀਜ਼

 ਲਖਨਊ- ਕਪਤਾਨ ਰੋਹਿਤ ਸ਼ਰਮਾ ਨੇ ਦੀਵਾਲੀ ਤੋਂ ਪਹਿਲਾਂ ਚੌਕੇ-ਛੱਕਿਆਂ ਨਾਲ ਧੂਮ-ਧੜੱਕਾ ਕਰਦਿਆਂ ਮੰਗਲਵਾਰ ਨੂੰ ਇੱਥੇ ਅਜੇਤੂ ਸੈਂਕੜਾ ਲਾਇਆ, ਜਿਸ ਨਾਲ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਵੈਸਟਇੰਡੀਜ਼ ਨੂੰ 71 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।
ਰੋਹਿਤ ਨੇ ਨਵੇਂ ਬਣੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿਚ 8 ਚੌਕੇ ਤੇ 7 ਛੱਕੇ ਲਾ ਕੇ 50 ਹਜ਼ਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਚੁੱਕ ਕੇ 61 ਗੇਂਦਾਂ 'ਤੇ ਅਜੇਤੂ 111 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 8 ਚੌਕੇ ਤੇ 7 ਛੱਕੇ ਸ਼ਾਮਲ ਹਨ। ਉਸ ਨੇ ਸ਼ਿਖਰ ਧਵਨ (41 ਗੇਂਦਾਂ 'ਤੇ 43 ਦੌੜਾਂ) ਨਾਲ ਪਹਿਲੀ ਵਿਕਟ ਲਈ 123 ਦੌੜਾਂ ਜੋੜੀਆਂ, ਜਦਕਿ ਕੇ. ਐੱਲ. ਰਾਹੁਲ (14 ਗੇਂਦਾਂ 'ਤੇ ਅਜੇਤੂ 26 ਦੌੜਾਂ) ਨਾਲ ਤੀਜੀ ਵਿਕਟ ਲਈ ਸਿਰਫ 28 ਗੇਂਦਾਂ 'ਤੇ 62 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਨਾਲ ਭਾਰਤ 2 ਵਿਕਟਾਂ 'ਤੇ 195 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਵਿਚ ਸਫਲ ਰਿਹਾ। 
ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਟੀਮ 9 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕੀ। ਕੋਲਕਾਤਾ ਵਿਚ ਪਹਿਲਾ ਮੈਚ 5 ਵਿਕਟਾਂ ਨਾਲ ਜਿੱਤਣ ਵਾਲੀ ਭਾਰਤੀ ਟੀਮ ਨੇ ਇਸ ਤਰ੍ਹਾਂ ਨਾਲ ਟੈਸਟ ਤੇ ਵਨ ਡੇ ਤੋਂ ਬਾਅਦ ਟੀ-20 ਲੜੀ ਵੀ ਆਪਣੇ ਨਾਂ ਕਰ ਲਈ। ਤੀਜਾ ਤੇ ਆਖਰੀ ਟੀ-20 ਮੈਚ 11ਨਵੰਬਰ ਨੂੰ ਚੇਨਈ ਵਿਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ  ਰੋਹਿਤ ਨੇ ਸ਼ੁਰੂ ਵਿਚ ਚੌਕਸੀ ਵਰਤੀ ਪਰ ਜਲਦ ਹੀ ਆਪਣੇ ਅਸਲੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ। ਧਵਨ ਨੇ ਕਪਤਾਨ ਨਾਲ ਪੂਰੀ ਲੈਅ ਦਿਖਾਈ ਤੇ ਪਹਿਲੇ 10 ਓਵਰਾਂ ਵਿਚ ਸਕੋਰ 83 ਦੌੜਾਂ 'ਤੇ ਪਹੁੰਚਾ ਦਿੱਤਾ।
ਰੋਹਿਤ ਨੇ ਥਾਮਸ ਨੂੰ ਹੀ ਨਿਸ਼ਾਨਾ ਬਣਾਇਆ, ਜਿਹੜਾ ਲਗਾਤਾਰ 145 ਕਿ. ਮੀ. ਦੀ ਰਫਤਾਰ ਨਾਲ ਗੇਂਦ ਕਰ ਰਿਹਾ ਸੀ। ਜਦੋਂ ਉਹ ਪਾਰੀ ਦਾ ਤੀਜਾ ਓਵਰ ਕਰਨ ਲਈ ਆਇਆ ਤਾਂ ਰੋਹਿਤ ਪੂਰੀ ਤਰ੍ਹਾਂ ਸੈੱਟ ਹੋ ਚੁੱਕਾ ਸੀ। ਇਸ ਧਾਕੜ ਬੱਲੇਬਾਜ਼ ਨੇ ਉਸ ਦੀ 149 ਕਿ. ਮੀ. ਦੀ ਰਫਤਾਰ ਵਾਲੀ ਗੇਂਦ ਨੂੰ ਛੱਕੇ ਲਈ ਭੇਜਿਆ, ਜਦਕਿ ਧਵਨ ਨੇ ਇਸੇ ਓਵਰ ਵਿਚ ਦੋ ਚੌਕੇ ਲਾਏ। ਥਾਮਸ ਦੇ ਇਸ ਓਵਰ ਵਿਚ 17 ਦੌੜਾਂ ਬਣੀਆਂ। 
ਧਵਨ ਨੂੰ ਵੀ 28 ਦੌੜਾਂ ਦੇ ਨਿੱਜੀ ਸਕਰ 'ਤੇ ਕੀਮੋ ਪੌਲ ਨੇ ਜੀਵਨਦਾਨ ਦਿੱਤਾ। ਉਹ ਨਾ ਸਿਰਫ ਸਿੱਧਾ ਕੈਚ ਲੈਣ ਵਿਚ ਅਸਫਲ ਰਿਹਾ, ਸਗੋਂ ਗੇਂਦ ਨੂੰ ਚੌਕੇ ਲਈ ਜਾਣ ਤੋਂ ਵੀ ਨਹੀਂ ਰੋਕ ਸਕਿਆ। ਰੋਹਿਤ ਨੇ ਇਸ ਸਵਰੂਪ ਵਿਚ 19ਵੀਂ ਵਾਰ 50 ਤੋਂ ਵੱਧ ਦਾ ਸਕੋਰ ਬਣਾਇਆ, ਜਿਹੜਾ ਕਿ ਭਾਰਤੀ ਰਿਕਾਰਡ ਹੈ। ਕੋਹਲੀ 18 ਵਾਰ ਅਜਿਹਾ ਕਾਰਨਾਮਾ ਕਰ ਚੁੱਕਾ ਹੈ। ਰੋਹਿਤ ਆਪਣੇ ਪੂਰੇ ਰੰਗ ਵਿਚ ਸੀ ਤੇ ਕਿਸਮਤ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ। 
ਧਵਨ ਤੇ ਰਿਸ਼ਭ ਪੰਤ ਦੇ ਆਊਟ ਹੋਣ ਤੋਂ ਬਾਅਦ ਕੇ. ਐੱਲ. ਰਾਹੁਲ ਨੇ ਰੋਹਿਤ ਦਾ ਚੰਗਾ ਸਾਥ ਦੇ ਕੇ ਡੈੱਥ ਓਵਰਾਂ ਵਿਚ ਵੀ ਦੌੜਾਂ ਬਣਾਉਣ ਦਾ ਮੀਂਹ ਵਰ੍ਹਾਉਣਾ ਜਾਰੀ ਰੱਖਿਆ। ਰੋਹਿਤ ਨੇ ਪਾਰੀ ਦੇ ਆਖਰੀ ਓਵਰ ਵਿਚ ਵਿਰੋਧੀ ਕਪਤਾਨ ਕਾਰਲੋਸ ਬ੍ਰੈੱਥਵੇਟ ਦੀਆਂ ਗੇਂਦਾਂ 'ਤੇ ਲਗਾਤਾਰ ਤਿੰਨ ਚੌਕੇ ਤੇ ਇਕ ਛੱਕਾ ਲਾਇਆ ਤੇ ਇਸ ਵਿਚਾਲੇ ਦੂਜੇ ਚੌਕੇ ਨਾਲ ਇਸ ਸਵਰੂਪ ਵਿਚ ਆਪਣਾ ਚੌਥਾ ਸੈਂਕੜਾ ਪੂਰਾ ਕੀਤਾ, ਜਿਹੜਾ ਟੀ-20 ਕੌਮਾਂਤਰੀ ਕ੍ਰਿਕਟ 'ਚ ਨਵਾਂ ਰਿਕਾਰਡ ਹੈ। 
ਇਕਾਨਾ ਹੁਣ 'ਅਟਲ ਬਿਹਾਰੀ ਵਾਜਪਾਈ ਕੌਮਾਂਤਰੀ ਕ੍ਰਿਕਟ ਸਟੇਡੀਅਮ'
—ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਤੋਂ ਕੁਝ ਘੰਟੇ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਲਖਨਊ ਸਥਿਤ ਇਕਾਨਾ ਕ੍ਰਿਕਟ ਸਟੇਡੀਅਮ ਦਾ ਨਵਾਂ ਨਾਂ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਰੱਖ ਦਿੱਤਾ। ਸ਼੍ਰੀ ਯੋਗੀ ਨੇ ਸ਼ਹੀਦ ਪੱਥ 'ਤੇ ਸਥਿਤ ਇਕਾਨਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਨਵੇਂ ਨਾਮਕਰਨ ਦਾ ਉਦਘਾਟਨ ਕੀਤਾ। ਇਸ ਸਟੇਡੀਅਮ ਦਾ ਨਾਂ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਰੱਖਿਆ ਗਿਆ ਹੈ।


Related News