ਟੀ-20 : ਵਾਪਸੀ ਕਰਨ ਉਤਰੇਗਾ ਭਾਰਤ

03/08/2018 1:31:49 AM

ਕੋਲੰਬੋ— ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਪਹਿਲੇ ਮੈਚ 'ਚ ਮਿਲੀ 5 ਵਿਕਟਾਂ ਦੀ ਕਰਾਰੀ ਹਾਰ ਤੋਂ ਬਾਅਦ ਜਦੋਂ ਵੀਰਵਾਰ ਨੂੰ ਦੂਜੇ ਮੈਚ 'ਚ ਬੰਗਲਾਦੇਸ਼ ਵਿਰੁੱਧ ਉਤਰੇਗੀ ਤਾਂ ਉਸ ਦਾ ਇਕਲੌਤਾ ਟੀਚਾ ਟੀ-20 ਤਿਕੋਣੀ ਸੀਰੀਜ਼ 'ਚ ਵਾਪਸੀ ਕਰਨ ਦਾ ਹੋਵੇਗਾ।
ਤਿਕੋਣੀ ਸੀਰੀਜ਼ 'ਚ ਹਰ ਟੀਮ ਨੇ 2-2 ਮੈਚ ਖੇਡਣੇ ਹਨ ਤੇ ਚੋਟੀ ਦੀਆਂ 2 ਟੀਮਾਂ ਵਿਚਾਲੇ 18 ਮਾਰਚ ਨੂੰ ਫਾਈਨਲ ਖੇਡਿਆ ਜਾਣਾ ਹੈ। ਆਪਣੇ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨੌਜਵਾਨ ਖਿਡਾਰੀਆਂ ਦੇ ਭਰੋਸੇ ਉਤਰੀ ਭਾਰਤੀ ਟੀਮ ਪਹਿਲੇ ਮੁਕਾਬਲੇ 'ਚ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਦੇ ਬਾਵਜੂਦ ਇਸ ਦਾ ਬਚਾਅ ਨਹੀਂ ਕਰ ਸਕੀ। 
ਸ਼ਿਖਰ ਧਵਨ ਨੇ 49 ਗੇਂਦਾਂ 'ਤੇ 6 ਛੱਕਿਆਂ ਤੇ 6 ਚੌਕਿਆਂ ਦੀ ਮਦਦ ਨਾਲ 90 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਪਰ ਕਪਤਾਨ ਰੋਹਿਤ ਸ਼ਰਮਾ ਦੇ ਜ਼ੀਰੋ ਤੇ ਸੁਰੇਸ਼ ਰੈਨਾ ਦੇ ਇਕ ਦੌੜ 'ਤੇ ਆਊਟ ਹੋਣ ਦਾ ਟੀਮ ਦੀ ਸਕੋਰਿੰਗ 'ਤੇ ਅਸਰ ਪਿਆ। ਮਨੀਸ਼ ਪਾਂਡੇ ਨੇ 37, ਰਿਸ਼ਭ ਪੰਤ ਨੇ 23 ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਨੇ ਅਜੇਤੂ 13 ਦੌੜਾਂ ਬਣਾਈਆਂ ਪਰ ਟੀਮ 200 ਦੇ ਅੰਕੜੇ ਤੋਂ ਕਿਤੇ ਪਿੱਛੇ ਰਹਿ ਗਈ।
ਸ਼੍ਰੀਲੰਕਾ ਨੇ ਟੀਚੇ ਦਾ ਬਿਹਤਰੀਨ ਢੰਗ ਨਾਲ ਪਿੱਛਾ ਕੀਤਾ ਤੇ ਆਪਣੀ ਪੰਜਵੀਂ ਵਿਕਟ 136 ਦੌੜਾਂ 'ਤੇ ਗੁਆਉਣ ਦੇ ਬਾਵਜੂਦ 18.3 ਓਵਰਾਂ 'ਚ ਜਿੱਤ ਹਾਸਲ ਕਰ ਲਈ। ਮੈਚ 'ਚ ਜੈਦੇਵ ਉਨਾਦਕਤ ਦਾ ਪਾਰੀ ਦਾ 18ਵਾਂ ਓਵਰ ਫੈਸਲਾਕੁੰਨ ਸਾਬਤ ਹੋਇਆ, ਜਿਸ ਵਿਚ ਦੋ ਚੌਕਿਆਂ ਤੇ ਇਕ ਛੱਕੇ ਸਮੇਤ ਕੁਲ 16 ਦੌੜਾਂ ਪਈਆਂ। ਆਈ. ਪੀ. ਐੱਲ. 'ਚ ਮੋਟੀ ਕੀਮਤ ਹਾਸਲ ਕਰਨ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਨੂੰ ਇਹ ਸਿੱਖਣਾ ਪਵੇਗਾ ਕਿ ਕੌਮਾਂਤਰੀ ਕ੍ਰਿਕਟ ਆਈ. ਪੀ. ਐੱਲ. ਦੇ ਮੁਕਾਬਲੇ ਕਾਫੀ ਵੱਖਰੀ ਹੈ। ਇਸ ਸੀਰੀਜ਼ ਦੀ ਕਪਤਾਨੀ ਸੰਭਾਲ ਰਹੇ ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਭਰੋਸਾ ਪ੍ਰਗਟਾਇਆ ਕਿ ਟੀਮ ਪਹਿਲੇ ਮੈਚ ਦੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਬੰਗਲਾਦੇਸ਼ ਵਿਰੁੱਧ ਦੂਜੇ ਮੈਚ 'ਚ ਬਿਹਤਰੀਨ ਪ੍ਰਦਰਸ਼ਨ ਕਰੇਗੀ। 
ਦੂਜੇ ਪਾਸੇ ਬੰਗਲਾਦੇਸ਼ ਦੀ ਕਮਾਨ ਮਹਿਮੂਦਉੱਲਾ ਦੇ ਹੱਥਾਂ 'ਚ ਹੈ, ਜਿਸ ਨੂੰ ਧਮਾਕੇਦਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦੇ ਹਟਣ ਤੋਂ ਬਾਅਦ ਕਪਤਾਨੀ 'ਤੇ ਬਰਕਰਾਰ ਰੱਖਿਆ ਗਿਆ ਹੈ। ਬੰਗਲਾਦੇਸ਼ੀ ਟੀਮ ਕੋਲ ਇਮਰੂਲ ਕਾਏਸ, ਮਹਿਮੂਦਉੱਲਾ, ਮੇਹਦੀ ਹਸਨ, ਮੁਸ਼ਫਿਕਰ ਰਹੀਮ, ਮੁਸਤਾਫਿਜ਼ੁਰ ਰਹਿਮਾਨ, ਸੌਮਿਆ ਸਰਕਾਰ ਤੇ ਤਮੀਮ ਇਕਬਾਲ ਵਰਗੇ ਬਿਹਤਰੀਨ ਖਿਡਾਰੀ ਹਨ, ਜਿਹੜੇ ਦੂਜੀ ਟੀਮ ਦਾ ਕੰਮ ਖਰਾਬ ਕਰ ਸਕਦੇ ਹਨ।


Related News