ਟੀ-20 : ਧੋਨੀ ਨੂੰ ਨਿਊਜ਼ੀਲੈਂਡ ਦੌਰੇ 'ਚ ਨਹੀਂ ਮਿਲੀ ਜਗ੍ਹਾ, ਸੈਮਸਨ ਬਾਹਰ
Monday, Jan 13, 2020 - 12:06 AM (IST)

ਮੁੰਬਈ— ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਨਿਊਜ਼ੀਲੈਂਡ ਦੌਰੇ 'ਚ ਟੀ-20 ਸੀਰੀਜ਼ ਦੇ ਲਈ ਐਤਵਾਰ ਰਾਤ ਐਲਾਨ ਕੀਤੀ ਗਈ ਭਾਰਤੀ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ ਜਦਕਿ ਨੌਜਵਾਨ ਸੈਮਸਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਰਾਸ਼ਟਰੀ ਚੋਣਕਾਰ ਨੇ ਮੈਰਾਥਨ ਬੈਠਕ ਤੋਂ ਬਾਅਦ ਰਾਤ ਕਰੀਬ 10:45 ਵਜੇ ਰਿਲੀਜ਼ ਜਾਰੀ ਕਰ ਟੀ-20 ਟੀਮ ਦਾ ਐਲਾਨ ਕੀਤਾ। ਭਾਰਤ ਨੂੰ 24 ਜਨਵਰੀ ਤੋਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਸੀਰੀਜ਼ 'ਚ ਕਪਤਾਨੀ ਵਿਰਾਟ ਕੋਹਲੀ ਕਰੇਗਾ।
ਧੋਨੀ ਪਿਛਲੇ ਸਾਲ ਜੁਲਾਈ 'ਚ ਵਿਸ਼ਵ ਕੱਪ ਖੇਡਣ ਤੋਂ ਬਾਅਦ ਹੀ ਮੈਦਾਨ ਤੋਂ ਬਾਹਰ ਚੱਲ ਰਹੇ ਹਨ। ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ 'ਚ ਕਿਹਾ ਸੀ ਕਿ ਧੋਨੀ ਵਨ ਡੇ ਤੋਂ ਜਲਦ ਹੀ ਸੰਨਿਆਸ ਦਾ ਐਲਾਨ ਕਰ ਸਕਦੇ ਹਨ ਪਰ ਉਹ ਟੀ-20 ਖੇਡਣਾ ਜਾਰੀ ਰੱਖ ਸਕਦੇ ਹਨ। ਧੋਨੀ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੇ ਸੰਨਿਆਸ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਧੋਨੀ ਨੂੰ ਲੈ ਕੇ ਤਮਾਮ ਅਟਕਲਾਂ ਚੱਲ ਰਹੀਆਂ ਹਨ ਪਰ ਬੀ. ਸੀ. ਸੀ. ਆਈ. ਨੇ ਆਪਣੀ ਰਿਲੀਜ਼ 'ਚ ਧੋਨੀ ਨੂੰ ਲੈ ਕੁਝ ਨਹੀਂ ਕਿਹਾ ਹੈ। ਸਮਝਿਆ ਜਾਂਦਾ ਹੈ ਕਿ ਚੋਣਕਰਤਾਂ ਦੀ ਬੈਠਕ ਦੁਪਹਿਰ 'ਚ ਸ਼ੁਰੂ ਹੋਈ ਸੀ ਪਰ ਟੀਮ ਦਾ ਐਲਾਨ ਲੰਮੇ ਇੰਤਜ਼ਾਰ ਤੋਂ ਬਾਅਦ ਰਾਤ ਨੂੰ ਕੀਤਾ ਗਿਆ। ਟੀਮ 'ਚ ਵਿਕਟਕੀਪਰ ਬੱਲੇਬਾਜ਼ ਸੈਮਸਨ ਨੂੰ ਬਾਹਰ ਕਰ ਦਿੱਤਾ ਗਿਆ ਹੈ। ਸੈਮਸਨ ਸ਼੍ਰੀਲੰਕਾ ਵਿਰੁੱਧ ਹਾਲ ਹੀ ਦੇ ਟੀ-20 ਸੀਰੀਜ਼ ਦਾ ਹਿੱਸਾ ਸੀ ਤੇ ਤੀਜੇ ਮੈਚ 'ਚ ਰਿਸ਼ਭ ਪੰਤ ਦੀ ਜਗ੍ਹਾ ਖੇਡੇ ਸਨ। ਸੈਮਸਨ ਆਖਰੀ ਮੈਚ 'ਚ ਮਿਲੇ ਮੌਕੇ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਭਾਰਤ ਨੇ ਇਹ ਸੀਰੀਜ਼ 2-0 ਨਾਲ ਜਿੱਤੀ ਸੀ। ਇਸ ਵਿਚਾਲੇ ਆਲਰਾਊਂਡਰ ਵਿਜੇ ਸ਼ੰਕਰ ਨੂੰ ਭਾਰਤ ਏ ਦੇ ਨਿਊਜ਼ੀਲੈਂਡ ਦੌਰੇ ਦੇ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਨੂੰ ਇਸ ਦੌਰੇ 'ਚ ਪਹਿਲਾ ਟੀ-20 ਮੈਚ ਆਕਲੈਂਡ 'ਚ 24 ਜਨਵਰੀ ਨੂੰ, ਦੂਜਾ ਮੈਚ 26 ਜਨਵਰੀ ਨੂੰ ਆਕਲੈਂਡ 'ਚ, ਤੀਜਾ ਮੈਚ 29 ਜਨਵਰੀ ਨੂੰ ਹੈਮਿਲਟਨ 'ਚ, ਚੌਥਾ ਮੈਚ 31 ਜਨਵਰੀ ਨੂੰ ਵੇਲਿੰਗਟਨ 'ਚ ਤੇ ਪੰਜਵਾਂ ਮੈਚ 2 ਫਰਵਰੀ ਨੂੰ ਤੌਰੰਗਾ 'ਚ ਖੇਡਿਆ ਜਾਵੇਗਾ।
ਟੀਮ ਇਸ ਪ੍ਰਕਾਰ ਹੈ—
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼ਿਖਰ ਧਵਨ, ਸ਼ੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਸ਼ਿਵਮ ਦੁਬੇ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਰਵਿੰਦਰ ਜਡੇਜਾ ਤੇ ਸ਼ਾਰਦੁਲ ਠਾਕੁਰ।