ਨਟਰਾਜਨ ਦੇ ਗੋਡੇ ਦੀ ਹੋਈ ਸਫਲ ਸਰਜਰੀ, ਟਵੀਟ ਕਰਕੇ BCCI ਦਾ ਕੀਤਾ ਧੰਨਵਾਦ
Tuesday, Apr 27, 2021 - 06:17 PM (IST)
ਨਵੀਂ ਦਿੱਲੀ— ਭਾਰਤ ਦੇ ਯਾਰਕਰ ਤੇਜ਼ ਗੇਂਦਬਾਜ਼ ਟੀ ਨਟਰਾਜਨ ਦੇ ਸੱਟ ਦਾ ਸ਼ਿਕਾਰ ਗੋਡੇ ਦੀ ਮੰਗਲਵਾਰ ਨੂੰ ਸਰਜਰੀ ਕੀਤੀ ਗਈ। ਇਸ ਸੱਟ ਕਾਰਨ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਤੋਂ ਬਾਹਰ ਹੋ ਗਏ ਹਨ। ਨਟਰਾਜਨ ਨੂੰ ਇਹ ਸੱਟ ਆਸਟਰੇਲੀਆ ਦੌਰੇ ’ਤੇ ਲੱਗੀ ਸੀ। ਸਨਰਾਈਜ਼ਰਜ਼ ਹੈਦਰਾਬਾਦ ਦੇ ਇਹ ਖਿਡਾਰੀ ਪਿਛਲੇ ਹਫ਼ਤੇ ਆਈ. ਪੀ. ਐੱਲ. ਤੋਂ ਬਾਹਰ ਹੋਏ ਸਨ। ਉਨ੍ਹਾਂ ਨੇ ਸਰਜਰੀ ਲਈ ਬਿਹਤਰ ਤਰੀਕੇ ਨਾਲ ਉਨ੍ਹਾਂ ਦਾ ਧਿਆਨ ਰੱਖਣ ਲਈ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਤੇ ਮੈਡੀਕਲ ਟੀਮ ਦਾ ਧੰਨਵਾਦ ਅਦਾ ਕੀਤਾ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹਸਪਤਾਲਾਂ ਦੀ ਘਾਟ ਪਰ IPL ’ਚ ਐਨੇ ਰੁਪਏ ਖ਼ਰਚ ਕਰਨ ’ਤੇ ਐਂਡ੍ਰਿਊ ਟਾਏ ਨੇ ਚੁੱਕੇ ਸਵਾਲ
ਨਟਰਾਜਨ ਨੇ ਟਵੀਟ ਕੀਤਾ ਕਿ ਅੱਜ ਮੇਰੇ ਗੋਡੇ ਦੀ ਸਰਜਰੀ ਹੋਈ ਤੇ ਮੈਂ ਇਸ ਦੌਰਾਨ ਮੇਰਾ ਧਿਆਨ ਰੱਖਣ ਵਾਲੀ ਮੈਡੀਕਲ ਟੀਮ, ਸਰਜਨਾਂ, ਡਾਕਟਰਾਂ, ਨਰਸਾਂ ਤੇ ਕਰਮਚਾਰੀਆਂ ਦਾ ਧੰਨਵਾਦੀ ਹਾਂ। ਮੈਂ ਬੀ. ਸੀ. ਸੀ. ਆਈ. ਤੇ ਜਿਨ੍ਹਾਂ ਨੇ ਮੈਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ, ਉਨ੍ਹਾਂ ਦਾ ਵੀ ਧੰਨਵਾਦੀ ਹਾਂ। 30 ਸਾਲ ਦੇ ਨਟਰਾਜਨ ਸਰਨਾਈਜ਼ਰਜ਼ ਹੈਦਰਾਬਾਦ ਲਈ ਮੌਜੂਦਾ ਸੈਸ਼ਨ ’ਚ ਸਿਰਫ਼ ਦੋ ਮੈਚ ਹੀ ਖੇਡ ਸਕੇ ਸਨ। ਇਹ ਸਮਝਿਆ ਜਾ ਸਕਦਾ ਹੈ ਕਿ ਆਸਟਰੇਲੀਆ ਦੌਰੇ ’ਚ ਰੁੱਝੇ ਪ੍ਰੋਗਰਾਮ ਕਾਰਨ ਉਹ ਆਪਣੀ ਸੱਟ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੇ ਸਨ।
Today, I underwent knee surgery- and am grateful for the expertise, attention and kindness of the medical team, surgeons, doctors, nurses and staff. I’m grateful to @bcci and to all that have wished well for me. pic.twitter.com/Z6pmqzfaFj
— Natarajan (@Natarajan_91) April 27, 2021
ਇਹ ਵੀ ਪੜ੍ਹੋ : IPL 2021 Points Table : ਕਿਸ ਸਥਾਨ ’ਤੇ ਹੈ ਤੁਹਾਡੀ ਪਸੰਦੀਦਾ ਟੀਮ, ਜਾਣੋ ਆਰੇਂਜ ਤੇ ਪਰਪਲ ਕੈਪ ਦਾ ਹਾਲ
ਆਸਟਰੇਲੀਆ ਦੌਰੇ ਦੇ ਬਾਅਦ ਉਹ ਇਲਾਜ ਲਈ ਐੱਨ. ਸੀ. ਏ. (ਰਾਸ਼ਟਰੀ ਕ੍ਰਿਕਟ ਅਕੈਡਮੀ) ਗਏ ਸਨ। ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਮੈਚਾਂ ਲਈ ਫ਼ਿੱਟ ਐਲਾਨ ਦਿੱਤਾ ਗਿਆ ਸੀ ਪਰ ਉਹ ਖੇਡਣ ਲਈ ਸੌ ਫ਼ੀਸਦੀ ਤਿਆਰ ਨਹੀਂ ਸਨ। ਨਟਰਾਜਨ ਪਿਛਲੇ ਆਈ. ਪੀ. ਐੱਲ. ਦੇ ਦੌਰਾਨ ਡੈੱਥ ਓਵਰਾਂ ’ਚ ਆਪਣੀ ਯਾਰਕਰ ਨਾਲ ਸੁਰਖ਼ੀਆਂ ’ਚ ਆਏ ਸਨ ਜਿਸ ਤੋਂ ਬਾਅਦ ਉਹ ਆਸਟਰੇਲੀਆ ’ਚ ਭਾਰਤ ਲਈ ਸਾਰੇ ਤਿੰਨੇ ਫ਼ਾਰਮੈਟ ’ਚ ਖੇਡੇ। ਭਾਰਤ ਪਰਤਨ ਦੇ ਬਾਅਦ ਹਾਲਾਂਕਿ ਇਹ ਜਨਤਕ ਨਹੀਂ ਕੀਤਾ ਗਿਆ ਕਿ ਉਨ੍ਹਾਂ ਦੇ ਗੋਡੇ ’ਤੇ ਸੱਟ ਲੱਗੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।