ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ
Saturday, Mar 25, 2023 - 09:50 PM (IST)
ਸਪੋਰਟਸ ਡੈਸਕ : ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਨੀਤੂ ਘਾਂਘਸ ਤੋਂ ਬਾਅਦ ਹੁਣ ਸਵੀਟੀ ਬੂਰਾ ਨੇ ਸੋਨ ਤਮਗਾ ਜਿੱਤ ਲਿਆ ਹੈ। ਸਵੀਟੀ ਬੂਰਾ ਨੇ 81 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਵਾਂਗ ਲੀਨਾ ਨੂੰ ਹਰਾਇਆ। ਇਸ ਤਰ੍ਹਾਂ ਭਾਰਤ ਲਈ ਇਹ ਦਿਨ ਦਾ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਨੀਤੂ ਘੰਘਾਸ ਨੇ ਮੰਗੋਲੀਆਈ ਮੁੱਕੇਬਾਜ਼ ਨੂੰ ਹਰਾ ਕੇ ਭਾਰਤ ਲਈ ਦਿਨ ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ। ਹੁਣ ਸਵੀਟੀ ਬੂਰਾ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਦੂਜਾ ਸੋਨ ਤਮਗਾ ਭਾਰਤ ਦੀ ਝੋਲੀ 'ਚ ਪਾ ਦਿੱਤਾ ਹੈ।
ਨੀਤੂ ਘੰਘਾਸ ਨੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ
ਭਾਰਤੀ ਮੁੱਕੇਬਾਜ਼ ਨੀਤੂ ਘੰਘਾਸ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਨੀਤੂ ਘੰਘਾਸ ਨੇ 48 ਕਿਲੋ ਭਾਰ ਵਰਗ ਵਿੱਚ ਮੰਗੋਲੀਆ ਦੀ ਲੁਤਸੇਖਾਨ ਅਲਟੇਂਗਸੇਂਗ ਨੂੰ ਹਰਾਇਆ। ਭਾਰਤੀ ਮੁੱਕੇਬਾਜ਼ ਨੇ ਇਹ ਮੈਚ 5-0 ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਨੀਤੂ ਘੰਘਾਸ ਨੇ ਸੈਮੀਫਾਈਨਲ ਮੈਚ 'ਚ ਕਜ਼ਾਕਿਸਤਾਨ ਦੀ ਮੁੱਕੇਬਾਜ਼ ਨੂੰ ਹਰਾਇਆ ਸੀ। ਇਸ ਦੇ ਨਾਲ ਹੀ ਸਵੀਟੀ ਬੂਰਾ ਨੇ ਭਾਰਤ ਨੂੰ ਦਿਨ ਦਾ ਦੂਜਾ ਸੋਨ ਤਮਗਾ ਦਿਵਾਇਆ।
ਐਤਵਾਰ ਨੂੰ ਫਾਈਨਲ 'ਚ ਪ੍ਰਵੇਸ਼ ਕਰਨਗੀਆਂ ਨਿਖਤ ਜ਼ਰੀਨ ਤੇ ਲਵਲੀਨਾ ਬੋਰਹੇਗਨ
ਨਿਖਤ ਜ਼ਰੀਨ ਅਤੇ ਲਵਲੀਨਾ ਬੋਰਹੇਗਨ ਵੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਨਿਖਤ ਜ਼ਰੀਨ ਅਤੇ ਲਵਲੀਨਾ ਬੋਰਹੇਗਨ 26 ਮਾਰਚ ਨੂੰ ਫਾਈਨਲ ਵਿੱਚ ਭਿੜਨਗੇ। ਇਸ ਤਰ੍ਹਾਂ 4 ਭਾਰਤੀ ਮੁੱਕੇਬਾਜ਼ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ। ਨੀਤੂ ਘੰਘਾਸ ਤੋਂ ਇਲਾਵਾ ਸਵੀਟੀ ਬੂਰਾ, ਨਿਖਤ ਜ਼ਰੀਨ ਅਤੇ ਲਵਲੀਨਾ ਬੋਰਹੇਗਨ ਵੀ ਫਾਈਨਲ 'ਚ ਪਹੁੰਚੀਆਂ। ਹਾਲਾਂਕਿ ਨੀਤੂ ਘੰਘਾਸ ਅਤੇ ਸਵੀਟੀ ਬੂਰਾ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨਿਖਤ ਜ਼ਰੀਨ ਅਤੇ ਲਵਲੀਨਾ ਬੋਰਹੇਗਨ 'ਤੇ ਵੀ ਹੋਣਗੀਆਂ।