ਸੂਰਯਕੁਮਾਰ ਯਾਦਵ ICC ਟੀ-20 ਰੈਂਕਿੰਗ ’ਚ ਚੋਟੀ ’ਤੇ ਬਰਕਰਾਰ
Thursday, Apr 20, 2023 - 11:23 AM (IST)
ਦੁਬਈ (ਭਾਸ਼ਾ)– ਭਾਰਤ ਦਾ ਹਮਲਾਵਰ ਬੱਲੇਬਾਜ਼ ਸੂਰਯਕੁਮਾਰ ਯਾਦਵ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਬੁੱਧਵਾਰ ਨੂੰ ਜਾਰੀ ਤਾਜਾ ਟੀ-20 ਕੌਮਾਂਤਰੀ ਪੁਰਸ਼ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਚੋਟੀ ’ਤੇ ਬਣਿਆ ਹੋਇਆ ਹੈ। ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਿਹਾ ਸੂਰਯਕੁਮਾਰ 906 ਅੰਕਾਂ ਨਾਲ ਚੋਟੀ ’ਤੇ ਹੈ। ਉਸ ਨੂੰ ਦੂਜੇ ਸਥਾਨ ’ਤੇ ਮੌਜੂਦ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ (798) ’ਤੇ 100 ਤੋਂ ਵੀ ਵੱਧ ਅੰਕਾਂ ਦੀ ਬੜ੍ਹਤ ਹਾਸਲ ਹੈ। ਟਾਪ-10 ਵਿਚ ਸ਼ਾਮਲ ਇਕਲੌਤੇ ਭਾਰਤੀ ਬੱਲੇਬਾਜ਼ ਸੂਰਯਕੁਮਾਰ ਨੇ 2022 ਵਿਚ ਟੀ-20 ਕੌਮਾਂਤਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਿਰੁੱਧ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ।
ਸਾਬਕਾ ਕਪਤਾਨ ਵਿਰਾਟ ਕੋਹਲੀ 15ਵੇਂ ਸਥਾਨ ਦੇ ਨਾਲ ਬੱਲੇਬਾਜ਼ਾਂ ਦੀ ਸੂਚੀ ’ਚ ਅਗਲਾ ਸਰਵਸ੍ਰੇਸ਼ਠ ਭਾਰਤੀ ਹੈ। ਉਹ ਵੀ ਆਪਣੀ ਪਿਛਲੀ ਰੈਂਕਿੰਗ ’ਤੇ ਬਰਕਰਾਰ ਹੈ। ਗੇਂਦਬਾਜ਼ਾਂ ’ਚ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 14ਵੇਂ ਸਥਾਨ ਦੇ ਨਾਲ ਚੋਟੀ ਦਾ ਭਾਰਤੀ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਇਕ ਸਥਾਨ ਦੇ ਨੁਕਸਾਨ ਨਾਲ 19ਵੇਂ ਸਥਾਨ ’ਤੇ ਹੈ। ਆਲਰਾਊਂਡਰਾਂ ਦੀ ਸੂਚੀ ’ਚ ਭਾਰਤ ਦਾ ਹਾਰਦਿਕ ਪੰਡਯਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਹੈਰਿਸ ਰਾਊਫ 3 ਟੀ-20 ਕੌਮਾਂਤਰੀ ਮੁਕਾਬਲਿਆਂ ’ਚ 10 ਵਿਕਟਾਂ ਨਾਲ ਸ਼ਾਦਾਬ ਖਾਨ ਨੂੰ ਪਛਾੜ ਕੇ ਪਾਕਿਸਤਾਨ ਦਾ ਚੋਟੀ ਦਾ ਗੇਂਦਬਾਜ਼ ਬਣ ਗਿਆ ਹੈ। ਉਸਦੇ 906 ਅੰਕ ਹਨ।