ਸੁਪਰੀਮ ਕੋਰਟ ਦਾ ਆਈ.ਪੀ.ਐੱਲ. ਨਿਲਾਮੀ ਮਾਮਲੇ ''ਚ ਬੋਰਡ ਨੂੰ ਨੋਟਿਸ

07/28/2017 4:50:36 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੈਸ਼ਨ 'ਚ ਮੀਡੀਆ ਅਧਿਕਾਰਾਂ ਦੀ ਈ-ਨਿਲਾਮੀ ਮਾਮਲੇ 'ਚ ਸੁਬ੍ਰਮਣਿਅਮ ਸਵਾਮੀ ਦੀ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ। ਸਵਾਮੀ ਨੇ ਅਦਾਲਤ 'ਚ ਪਟੀਸ਼ਨ ਦਿੱਤੀ ਸੀ ਕਿ ਇੰਡੀਅਨ ਪ੍ਰੀਮੀਅਰ ਲੀਗ ਟਵੰਟੀ 20 ਟੂਰਨਾਮੈਂਟ ਦੇ 11ਵੇਂ ਸੈਸ਼ਨ ਦੇ ਲਈ ਕਰੋੜਾਂ ਰੁਪਏ ਦੇ ਮੀਡੀਆ ਅਧਿਕਾਰ ਮਾਮਲੇ 'ਚ ਨਿਲਾਮੀ ਦੇ ਲਈ ਜੋ ਪ੍ਰਕਿਰਿਆ ਅਪਣਾਈ ਗਈ ਹੈ ਉਹ ਪਾਰਦਰਸ਼ੀ ਹੋਣੀ ਚਾਹੀਦੀ ਹੈ। 

ਸੱਤਾ 'ਤੇ ਕਾਬਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਾਮੀ ਮੀਡੀਆ ਅਧਿਕਾਰਾਂ ਦੇ ਲਈ ਆਨਲਾਈਨ ਨਿਲਾਮੀ ਪ੍ਰਕਿਰਿਆ ਦੀ ਪੈਰਵੀ ਕਰ ਰਹੇ ਹਨ। ਹਾਲਾਂਕਿ ਬੀ.ਸੀ.ਸੀ.ਆਈ. ਨੇ ਦਲੀਲ ਦਿੱਤੀ ਹੈ ਕਿ ਮੀਡੀਆ ਅਧਿਕਾਰਾਂ ਦੇ ਲਈ ਈ-ਨਿਲਾਮੀ ਦੀ ਪ੍ਰਕਿਰਿਆ ਨਹੀਂ ਅਪਣਾਈ ਜਾ ਸਕਦੀ ਹੈ। ਬੋਰਡ ਨੇ ਨਾਲ ਹੀ ਆਪਣੇ ਪੱਖ 'ਚ ਕਿਹਾ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਨਿਲਾਮੀ ਪ੍ਰਕਿਰਿਆ ਨੂੰ ਆਪਣੀ ਹਰੀ ਝੰਡੀ ਦੇ ਦਿੱਤੀ ਹੈ ਅਤੇ ਅਗਲੇ ਸੈਸ਼ਨ ਦੇ ਲਈ ਇਸ ਪ੍ਰਕਿਰਿਆ ਨੂੰ ਸ਼ੁਰੂ ਵੀ ਕਰ ਦਿੱਤਾ ਗਿਆ ਹੈ। ਪਰ ਚੋਟੀ ਦੀ ਅਦਾਲਤ ਨੇ ਕਿਹਾ ਕਿ ਉਹ ਬੀ.ਸੀ.ਸੀ.ਆਈ. ਦੀ ਮੌਜੂਦਾ ਪ੍ਰਕਿਰਿਆ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾ ਰਹੀ ਹੈ ਅਤੇ ਸਿਰਫ ਇਸ ਮਾਮਲੇ 'ਚ ਬੋਰਡ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ।


Related News