ਸਨਵੇ ਸਿਟਜਸ ਇੰਟਰਨੈਸ਼ਨਲ : ਮਘਸੂਦਲੂ ਨੂੰ ਹਰਾ ਕੇ ਭਾਰਤ ਦੇ ਹਰਸ਼ਿਤ ਰਾਜਾ ਨੇ ਕੀਤਾ ਉਲਟਫੇਰ
Tuesday, Dec 17, 2019 - 11:58 AM (IST)

ਸਿਟਜਸ (ਸਪੇਨ) (ਨਿਕਲੇਸ਼ ਜੈਨ) : ਸਪੇਨ ਦਾ ਵੱਕਾਰੀ ਸਨਵੇ ਸਿਟਜਸ ਇੰਟਰਨੈਸ਼ਨਲ ਟੂਰਨਾਮੈਂਟ ਹੁਣ ਹੌਲੀ-ਹੌਲੀ ਆਪਣੀ ਰਫਤਾਰ ਫੜ ਰਿਹਾ ਹੈ ਅਤੇ ਸ਼ੁਰੂਆਤੀ 3 ਰਾਊਂਡ ਖੇਡੇ ਜਾ ਚੁੱਕੇ ਹਨ। ਪ੍ਰਤੀਯੋਗਿਤਾ 'ਚ 56 ਦੇਸ਼ਾਂ ਦੇ 311 ਖਿਡਾਰੀ ਹਿੱਸਾ ਲੈ ਰਹੇ ਹਨ। ਜਿਹੜੀ ਗੱਲ ਇਸ ਪ੍ਰਤੀਯੋਗਿਤਾ ਨੂੰ ਬੇਹੱਦ ਖਾਸ ਬਣਾ ਰਹੀ ਹੈ, ਉਹ ਹੈ ਇਹ ਕਿ ਇਸ ਵਿਚ 55 ਗ੍ਰੈਂਡ ਮਾਸਟਰ, 56 ਇੰਟਰਨੈਸ਼ਨਲ ਮਾਸਟਰ, 4 ਮਹਿਲਾ ਗ੍ਰੈਂਡ ਮਾਸਟਰ, 8 ਮਹਿਲਾ ਇੰਟਰਨੈਸ਼ਨਲ ਮਾਸਟਰ ਸਮੇਤ ਕੁਲ 191 ਫਿਡੇ ਟਾਈਟਲ ਖਿਡਾਰੀ ਹਿੱਸਾ ਲੈ ਹਨ। ਪ੍ਰਤੀਯੋਗਿਤਾ ਦੇ ਦੂਜੇ ਰਾਊਂਡ 'ਚ ਭਾਰਤ ਦੇ ਹਰਸ਼ਿਤ ਰਾਜਾ ਨੇ ਸਭ ਤੋਂ ਵੱਡਾ ਉਲਟਫੇਰ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਚੋਟੀ ਦੇ ਰੇਟਿਡ ਈਰਾਨ ਦੇ ਪਰਹਮ ਮਘਸੂਦਲੂ ਨੂੰ ਹਰਾ ਦਿੱਤਾ। ਰਾਏ ਲੋਪੇਜ਼ ਓਪਨਿੰਗ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਹਰਸ਼ਿਤ ਨੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਈਰਾਨ ਦੇ ਪਰਹਮ ਮਘਸੂਦਲੂ ਦੀ 20ਵੀਂ ਚਾਲ ਵਿਚ ਹੀ ਗਲਤੀ ਦਾ ਕੁਝ ਅਜਿਹਾ ਫਾਇਦਾ ਚੁੱਕਿਆ ਕਿ 41 ਚਾਲਾਂ 'ਚ ਖੇਡ ਖਤਮ ਹੋ ਗਈ। ਹਰਸ਼ਿਤ ਨੇ ਤੀਜੇ ਰਾਊਂਡ ਵਿਚ ਆਸਟਰੀਆ ਦੇ ਵਾਲੇਂਤੀਨ ਡ੍ਰਗਨੇਵ ਨਾਲ ਡਰਾਅ ਖੇਡਦੇ ਹੋਏ ਆਪਣੇ ਗ੍ਰੈਂਡ ਮਾਸਟਰ ਨਾਰਮ ਦੀ ਸੰਭਾਵਨਾ ਕਾਫੀ ਵਧਾ ਲਈ ਹੈ।
ਫਿਲਹਾਲ 3 ਰਾਊਂਡਜ਼ ਤੋਂ ਬਾਅਦ ਭਾਰਤ ਦੇ ਐੱਸ. ਪੀ. ਸੇਥੂਰਮਨ, ਆਰ. ਪ੍ਰੱਗਿਆਨੰਦਾ, ਸੁਨੀਲ ਨਾਰਾਇਣਨ ਤੇ ਨਾਰਾਇਣਨ ਸ਼੍ਰੀਨਾਥ ਆਪਣੇ ਤਿੰਨੋਂ ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ। ਤੀਜੇ ਰਾਊਂਡ ਵਿਚ ਸੇਥੂਰਮਨ ਨੇ ਕਜ਼ਾਕਿਸਤਾਨ ਦੀ ਦਿਨਾਰਾ ਸਦੁਕਾਸਸੋਵਾ ਨੂੰ, ਪ੍ਰੱਗਿਆਨੰਦਾ ਨੇ ਇਜ਼ਰਾਈਲ ਦੇ ਗੁਡਮੁਨਦੂਰ ਕਜਰਤਨਸੋਂ ਨੂੰ, ਐੱਸ. ਐੱਲ. ਨਾਰਾਇਣਨ ਨੇ ਫਰਾਂਸ ਦੇ ਹਰੂਤਯੁਨ ਬਰਸੇਗਿਆਨ ਨੂੰ ਅਤੇ ਸ਼੍ਰੀਨਾਥ ਨਾਰਾਇਣਨ ਨੇ ਹਮਵਤਨ ਅਜੈ ਕ੍ਰਿਸ਼ਣਾ ਨੂੰ ਹਰਾਇਆ।