ਸਨਰਾਈਜ਼ਰਜ਼ ਤੀਜੀ ਵਾਰ ਬਣਿਆ ਐੱਸ.ਏ.20 ਚੈਂਪੀਅਨ

Monday, Jan 26, 2026 - 02:00 PM (IST)

ਸਨਰਾਈਜ਼ਰਜ਼ ਤੀਜੀ ਵਾਰ ਬਣਿਆ ਐੱਸ.ਏ.20 ਚੈਂਪੀਅਨ

ਕੇਪਟਾਊਨ- ਮਾਰਕੋ ਯਾਨਸੇਨ ਦੀ ਤੂਫਾਨੀ ਗੇਂਦਬਾਜ਼ੀ ਤੋਂ ਬਾਅਦ ਮੈਥਿਊ ਬ੍ਰੀਟਜਕੇ ਤੇ ਕਪਤਾਨ ਟ੍ਰਿਸਟਨ ਸਟੱਬਸ ਦੇ ਅਜੇਤੂ ਅਰਧ ਸੈਂਕੜਿਆਂ ਨਾਲ ਸਨਰਾਈਜ਼ਰਜ਼ ਈਸਟਰਨ ਕੇਪ ਨੇ ਇੱਥੇ ਫਾਈਨਲ ’ਚ ਪ੍ਰਿਟੋਰੀਆ ਕੈਪੀਟਲਜ਼ ਵਿਰੁੱਧ ਮੁਸ਼ਕਿਲ ਹਾਲਾਤਾਂ ਤੋਂ ਉਭਰਦੇ ਹੋਏ 6 ਵਿਕਟਾਂ ਦੀ ਜਿੱਤ ਦੇ ਨਾਲ 4 ਸੈਸ਼ਨਾਂ ’ਚ ਤੀਜੀ ਵਾਰ ਐੱਸ.ਏ.20 ਲੀਗ ਦਾ ਖਿਤਾਬ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ।

ਲਗਾਤਾਰ ਚੌਥੀ ਵਾਰ ਫਾਈਨਲ ਖੇਡ ਰਹੀ ਦੋ ਵਾਰ ਦੀ ਚੈਂਪੀਅਨ ਸਨਰਾਈਜ਼ਰਜ਼ ਦੀ ਟੀਮ ਨੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬ੍ਰੀਟਜਕੇ (ਅਜੇਤੂ 68) ਤੇ ਸਟੱਬਸ (ਅਜੇਤੂ 63) ਵਿਚਾਲੇ 5ਵੀਂ ਵਿਕਟ ਲਈ 114 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 48 ਦੌੜਾਂ ’ਤੇ 4 ਵਿਕਟਾਂ ਗੁਆਉਣ ਦੇ ਬਾਵਜੂਦ 19.2 ਓਵਰਾਂ ’ਚ 4 ਵਿਕਟਾਂ ’ਤੇ 162 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ।

ਲੀਗ ਮੈਚ ਦੇ ਦੋਵਾਂ ਮੁਕਾਬਲਿਆਂ ’ਚ ਹਾਰ ਤੋਂ ਬਾਅਦ ਪ੍ਰਿਟੋਰੀਆ ਕੈਪੀਟਲਜ਼ ਨੇ ਕੁਆਲੀਫਾਇਰ-1 ’ਚ ਸਨਰਾਈਜ਼ਰਜ਼ ਨੂੰ ਹਰਾਇਆ ਸੀ ਪਰ 2 ਵਾਰ ਦੀ ਚੈਂਪੀਅਨ ਟੀਮ ਨੇ ਫਾਈਨਲ ’ਚ ਜਿੱਤ ਹਾਸਲ ਕਰ ਕੇ ਦਿਖਾ ਦਿੱਤਾ ਕਿ ਆਖਿਰ ਕਿਉਂ ਉਹ ਇਸ ਲੀਗ ਦੀ ਸਭ ਤੋਂ ਸਫਲ ਟੀਮ ਹੈ।
 


author

Tarsem Singh

Content Editor

Related News