ਸੁਨੀਲ ਅੰਬਰੀਸ਼ ਨੇ ਬਣਾਇਆ ਅਜੇਤੂ ਸੈਂਕੜਾ, ਮੈਚ ਡਰਾਅ ''ਤੇ ਖਤਮ
Sunday, Sep 30, 2018 - 08:38 PM (IST)

ਵਡੋਦਰਾ : ਸੁਨੀਲ ਅੰਬਰੀਸ਼ ਦੀਆਂ ਅਜੇਤੂ 114 ਦੌੜਾਂ ਦੀ ਬਦੌਲਤ ਮਹਿਮਾਨ ਵੈਸਟਇੰਡੀਜ਼ ਨੇ ਭਾਰਤੀ ਬੋਰਡ ਇਲੈਵਨ ਵਿਰੁੱਧ 2 ਦਿਨਾ ਅਭਿਆਸ ਮੈਚ ਦੇ ਦੂਜੇ ਤੇ ਆਖਰੀ ਦਿਨ ਐਤਵਾਰ ਨੂੰ ਚੰਗਾ ਬੱਲੇਬਾਜ਼ੀ ਅਭਿਆਸ ਕਰਦਿਆਂ 89 ਓਵਰਾਂ ਵਿਚ 7 ਵਿਕਟਾਂ 'ਤੇ 366 ਦੌੜਾਂ ਬਣਾਈਆਂ। ਮੈਚ ਡਰਾਅ 'ਤੇ ਖਤਮ ਹੋਇਆ। ਭਾਰਤੀ ਬੋਰਡ ਇਲੈਵਨ ਨੇ ਆਪਣੀ ਪਹਿਲੀ ਪਾਰੀ ਕੱਲ 6 ਵਿਕਟਾਂ 'ਤੇ 360 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ ਸੀ। ਵੈਸਟਇੰਡੀਜ਼ ਲਈ ਭਾਰਤ ਵਿਰੁੱਧ ਰਾਜਕੋਟ ਵਿਚ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਇਹ ਇਕਲੌਤਾ ਅਭਿਆਸ ਮੈਚ ਸੀ।
ਵੈਸਟਇੰਡੀਜ਼ ਲਈ ਓਪਨਰ ਬ੍ਰੈਥਵੇਟ 78 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ 52 ਤੇ ਕੀਰੋਨ ਪਾਵੈੱਲ 102 ਗੇਂਦਾਂ 'ਤੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਰਿਟਾਇਰ ਹੋਇਆ। ਸ਼ਾਈ ਹੋਪ ਨੇ 36 ਤੇ ਵਿਕਟਕੀਪਰ ਸ਼ੇਨ ਡਾਵਰਿਚ ਨੇ 69 ਗੇਂਦਾਂ ਵਿਚ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਸੁਨੀਲ ਅੰਬਰੀਸ਼ ਨੇ ਤੂਫਾਨੀ ਅੰਦਾਜ਼ ਵਿਚ ਖੇਡਦੇ ਹੋਏ ਭਾਰਤੀ ਬੋਰਡ ਇਲੈਵਨ ਦੇ ਗੇਂਦਬਾਜ਼ਾਂ ਦੀ ਚੰਗੀ ਖਬਰ ਲਈ। ਉਸ ਨੇ ਸਿਰਫ 98 ਗੇਂਦਾਂ ਵਿਚ 17 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 114 ਦੌੜਾਂ ਬਣਾਈਆਂ। ਭਾਰਤੀ ਬੋਰਡ ਇਲੈਵਨ ਵਲੋਂ ਅਵੇਸ਼ ਖਾਨ ਨੇ 17 ਓਵਰਾਂ ਵਿਚ 60 ਦੌੜਾਂ 'ਤੇ 4 ਵਿਕਟਾਂ ਤੇ ਸੌਰਭ ਕੁਮਾਰ ਨੇ 126 ਦੌੜਾਂ 'ਤੇ 2 ਵਿਕਟਾਂ ਲਈਆਂ।