ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਅਰਜਨਟੀਨਾ ਓਪਨ ਵਿਚ ਹਾਰੇ ਸੁਮਿਤ ਨਾਗਲ
Saturday, Mar 06, 2021 - 01:39 PM (IST)
ਬਿਊਨਸ/ਆਇਰਸ (ਭਾਸ਼ਾ) : ਬੇਖ਼ੌਫ ਟੈਨਿਸ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਸੁਮਿਤ ਨਾਗਲ ਦੁਨੀਆ ਦੇ 46ਵੇਂ ਨੰਬਰ ਦੇ ਖਿਡਾਰੀ ਅਲਬਰਟ ਰਾਮੋਸ ਵਿਨੋਲਾਸ ਨਾਲ ਕਰੀਬੀ ਮੁਕਾਬਲੇ ਵਿਚ ਹਾਰ ਕੇ ਅਰਜਨਟੀਨਾ ਓਪਨ ਦੇ ਪੁਰਸ਼ ਏਕਲ ਕੁਆਟਰ ਫਾਈਨਲ ਤੋਂ ਬਾਹਰ ਹੋ ਗਏ।
ਨਿਰਣਾਇਕ ਸੈਟ ਵਿਚ 2.5 ਨਾਲ ਪਛੜਨ ਦੇ ਬਾਵਜੂਦ ਨਾਗਲ ਨੇ ਹਾਰ ਨਹੀਂ ਮੰਨੀ। ਕਈ ਅਹਿਮ ਮੌਕਿਆਂ ’ਤੇ ਗਲਤੀਆਂ ਦਾ ਹਾਲਾਂਕਿ ਉਨ੍ਹਾਂ ਨੂੰ ਖਾਮਿਆਜਾ ਭੁਗਤਣਾ ਪਿਆ ਅਤੇ ਉਹ 2 ਘੰਟੇ 26 ਮਿੰਟ ਤੱਕ ਚੱਲੇ ਮੈਚ ਵਿਚ 6.4, 2.6, 5.7 ਨਾਲ ਹਾਰ ਗਏ। ਏ.ਟੀ.ਪੀ. ਟੂਰ ’ਤੇ ਕੁਆਲੀਫਾਇਰ ਦੇ ਤੌਰ ’ਤੇ ਖੇਡਣ ਦੇ ਬਾਅਦ ਇਹ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਇਸ ਨਾਲ ਉਨ੍ਹਾਂ ਨੂੰ 45 ਮੁੱਖ ਡ੍ਰਾ ਰੈਂਕਿੰਗ ਅੰਕ ਮਿਲੇ ਅਤੇ ਉਹ ਵਿਸ਼ਵ ਰੈਂਕਿੰਗ ਵਿਚ 150 ਤੋਂ 132ਵੇਂ ਸਥਾਨ ’ਤੇ ਪਹੁੰਚ ਗਏ। ਪਿਛਲੇ ਦੌਰ ਵਿਚ ਉਨ੍ਹਾਂ ਨੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਕ੍ਰਿਸਟੀਅਨ ਗਾਰਿਨ ਨੂੰ ਹਰਾਇਆ ਸੀ।
ਨਾਗਲ ਨੇ ਕਿਹਾ, ‘ਇਸ ਪ੍ਰਦਰਸ਼ਨ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ। ਹਾਲ ਹੀ ਵਿਚ ਮੈਂ ਸਿਖ਼ਰ 60 ਵਿਚ ਸ਼ਾਮਲ ਕਈ ਖਿਡਾਰੀਆਂ ਨਾਲ ਕਰੀਬੀ ਮੁਕਾਬਲੇ ਖੇਡੇ ਹਨ। ਮੈਨੂੰ ਖ਼ੁਸ਼ੀ ਹੈ ਕਿ ਇਸ ਪੱਧਰ ’ਤੇ ਚੰਗਾ ਖੇਡ ਰਿਹਾ ਹਾਂ।’ ਉਨ੍ਹਾਂ ਨੇ ਕਿਹਾ ਉਹ ਖ਼ੁਦ ’ਤੇ ਸਿਖ਼ਰ 100 ਵਿਚ ਸ਼ਾਮਲ ਹੋਣ ਦਾ ਦਬਾਅ ਨਹੀਂ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ, ‘ਮੈਂ ਬੱਸ ਚੰਗਾ ਖੇਡਣਾ ਚਾਹੁੰਦਾ ਹਾਂ। ਸਿਖ਼ਰ 100 ਵਿਚ ਜਗ੍ਹਾ ਬਣਾਉਣ ਦਾ ਕੋਈ ਦਬਾਅ ਨਹੀਂ ਲੈ ਰਿਹਾ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।’ ਨਾਗਲ ਨੂੰ ਇੱਕੇ 9240 ਡਾਲਰ ਈਨਾਮੀ ਰਾਸ਼ੀ ਮਿਲੀ।