Tokyo Olympics: ਇਨ੍ਹਾਂ ਪੰਜਾਬੀ ਗੱਭਰੂਆਂ ਦੀ ਬਦੌਲਤ 41 ਸਾਲਾਂ ਮਗਰੋਂ ਖ਼ਤਮ ਹੋਇਆ ਹਾਕੀ 'ਚ ਤਮਗੇ ਦਾ ਸੋਕਾ

Friday, Aug 06, 2021 - 11:55 AM (IST)

Tokyo Olympics: ਇਨ੍ਹਾਂ ਪੰਜਾਬੀ ਗੱਭਰੂਆਂ ਦੀ ਬਦੌਲਤ 41 ਸਾਲਾਂ ਮਗਰੋਂ ਖ਼ਤਮ ਹੋਇਆ ਹਾਕੀ 'ਚ ਤਮਗੇ ਦਾ ਸੋਕਾ

ਟੋਕੀਓ (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਕਾਂਸੀ ਤਮਗੇ ਦੇ ਪਲੇਅ ਆਫ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਬਾਅਦ ਓਲੰਪਿਕ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਟੀਮ ਨੂੰ ਕਾਂਸੀ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਝ ਖਿਡਾਰੀਆਂ ਦੀ ਜ਼ਿੰਦਗੀ ਤੇ ਕਰੀਅਰ ’ਤੇ ਇਕ ਨਜ਼ਰ। 

ਮਨਪ੍ਰੀਤ ਸਿੰਘ : ਪ੍ਰੇਰਣਾਦਾਇਕ ਕਪਤਾਨ
ਜਲੰਧਰ ਦੇ ਮਿੱਠਾਪੁਰ ਦੇ ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ 29 ਸਾਲ ਦੇ ਮਨਪ੍ਰੀਤ ਸਿੰਘ ਨੇ ਘੱਟ ਉਮਰ ਤੋਂ ਹੀ ਆਪਣੀ ਮਾਂ ਮਨਜੀਤ ਕੌਰ ਨੂੰ ਸਖ਼ਤ ਮਿਹਨਤ ਕਰਦੇ ਦੇਖਿਆ ਸੀ। ਮਨਜੀਤ ਕੌਰ ਨੂੰ ਪਰਿਵਾਰ ਦਾ ਸਮਰਥਨ ਕਰਨ ਲਈ ਕੰਮ ਕਰਨਾ ਪਿਆ, ਕਿਉਂਕਿ ਉਸ ਦੇ ਪਤੀ ਮਾਨਸਿਕ ਸਿਹਤ ਦੇ ਮੁੱਦੇ ਨਾਲ ਘਿਰੇ ਹੋਏ ਸਨ। ਮਨਪ੍ਰੀਤ 2016 ਵਿਚ ਜਦੋਂ ਸੁਲਤਾਨ ਜਲਾਨ ਸ਼ਾਹ ਕੱਪ ਵਿਚ ਖੇਡ ਰਿਹਾ ਸੀ ਤਦ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਭਾਰਤੀ ਕਪਤਾਨ ਨੇ 2011 ਵਿਚ 19 ਸਾਲ ਦੀ ਉਮਰ ਵਿਚ ਕੌਮਾਂਤਰੀ ਡੈਬਿਊ ਕੀਤਾ। ਸੀਨੀਅਰ ਟੀਮ ਦੇ ਮੈਂਬਰ ਦੇ ਰੂਪ ਵਿਚ ਉਸਦਾ ਪਹਿਲਾ ਵੱਡਾ ਟੂਰਨਾਮੈਂਟ 2012 ਲੰਡਨ ਓਲੰਪਿਕ ਸੀ। ਉਸ ਨੇ ਤਦ ਤੋਂ ਸਾਰੇ ਪ੍ਰਮੁੱਖ ਟੂਰਨਾਮੈਂਟਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਤੇ 2015 ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤ ਨੇ 2018 ਏਸ਼ੀਆਈ ਚੈਂਪੀਅਨਸ ਟਰਾਫ਼ੀ ਦਾ ਖ਼ਿਤਾਬ ਜਿੱਤਿਆ। ਉਸ ਨੂੰ 2019 ਵਿਚ ਐੱਫ. ਆਈ. ਐੱਚ. ਦਾ ‘ਸਾਲ ਦਾ ਸਰਵਸ੍ਰੇਸ਼ਠ ਖਿਡਾਰੀ’ ਚੁਣਿਆ ਗਿਆ। ਉਹ ਪਿਛਲੇ ਸਾਲ ਕੋਵਿਡ-19 ਤੋਂ ਵੀ ਪਾਜ਼ੇਟਿਵ ਹੋ ਗਿਆ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

ਪੀ. ਆਰ. ਸ਼੍ਰੀਜੇਸ਼- ਭਾਰਤੀ ਦੀਵਾਰ
ਕੇਰਲ ਦੇ ਐਰਨਾਕੁਲਮ ਜ਼ਿਲੇ ਦੇ ਕਿਜਹਕਕਮਬਲਮ ਪਿੰਡ ਵਿਚ ਕਿਸਾਨਾਂ ਦੇ ਪਰਿਵਾਰ ਵਿਚ ਜਨਮਿਆ ਪੀ. ਆਰ. ਸ਼੍ਰੀਜੇਸ਼  ਦੁਨੀਆ ਦੇ ਸਰਵਸ੍ਰੇਸ਼ਠ ਗੋਲਕੀਪਰਾਂ ਵਿਚੋਂ ਇਕ ਹੈ। ਇਸ 35 ਸਾਲਾ ਖਿਡਾਰੀ ਨੇ 2006 ਵਿਚ ਸ਼੍ਰੀਲੰਕਾ ਵਿਚ ਦੱਖਣੀ ਏਸ਼ੀਆਈ ਖੇਡਾਂ ਵਿਚ ਸੀਨੀਅਰ ਟੀਮ ਲਈ ਡੈਬਿਊ ਕੀਤਾ ਤੇ 2011 ਤੋਂ ਰਾਸ਼ਟਰੀ ਟੀਮ ਦਾ ਅਟੁੱਟ ਅੰਗ ਰਿਹਾ ਹੈ। ਉਹ 2016 ਵਿਚ ਕਪਤਾਨ ਨਿਯੁਕਤ ਹੋਇਆ। ਟੀਮ ਨੇ ਉਸਦੀ ਅਗਵਾਈ ਵਿਚ 2016 ਤੇ 2018 ਵਿਚ ਐੱਫ. ਆਈ. ਐੱਚ. ਪੁਰਸ਼ ਹਾਕੀ ਚੈਂਪੀਅਨਸ ਟਰਾਫੀ ਵਿਚ ਚਾਂਦੀ ਤਮਗਾ ਜਿੱਤਿਆ। ਉਸ ਦੇ ਪਿਤਾ ਪੀ. ਵੀ. ਰਵੀਦ੍ਰੰਨ ਨੂੰ ਬੇਟੇ ਲਈ ਗੋਲਕੀਪਿੰਗ ਕਿੱਟ ਦਿਵਾਉਣ ਲਈ ਆਪਣੀ ਗਾਂ ਤਕ ਵੇਚਣੀ ਪਈ ਸੀ।

ਰੁਪਿੰਦਰਪਾਲ ਸਿੰਘ- ਡ੍ਰੈਗ ਫਲਿਕਰ
ਆਪਣੇ ਸਾਥੀਆਂ ਵਿਚਾਲੇ ‘ਬੌਬ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਰੁਪਿੰਦਰ ਦੁਨੀਆ ਦੇ ਸਭ ਤੋਂ ਖ਼ਤਰਨਾਕ ਡ੍ਰੈਗ ਫਲਿਕਰਾਂ ਵਿਚੋਂ ਇਕ ਹੈ। ਇਸ ਲੰਬੇ ਕੱਦ ਦੇ ਡਿਫੈਂਡਰ ਨੇ 2010 ਵਿਚ ਸੁਲਤਾਨ ਅਜਲਾਨ ਸ਼ਾਹ ਟੂਰਨਾਮੈਂਟ ਵਿਚ ਕੌਮਾਂਤਰੀ ਪੱਧਰ ’ਤੇ ਡੈਬਿਊ ਕੀਤਾ ਸੀ, ਜਿੱਥੇ ਭਾਰਤ ਨੇ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਦੇਵੇਗੀ 1-1 ਕਰੋੜ ਰੁਪਏ

ਸਿਮਰਨਜੀਤ ਸਿੰਘ- ਸੁਪਰ ਸਟ੍ਰਾਈਕਰ
ਜਰਮਨੀ ਵਿਰੁੱਧ ਕਾਂਸੀ ਤਮਗਾ ਪਲੇਅ ਆਫ ਵਿਚ ਗੋਲ ਕਰਨ ਵਾਲੇ 24 ਸਾਲਾ ਇਸ ਖਿਡਾਰੀ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਦੇ ‘ਬਦਲਵੇਂ ਖਿਡਾਰੀ’ ਨੂੰ ਟੀਮ ਵਿਚ ਸ਼ਾਮਲ ਕਰਨ ਦੀ ਮਨਜ਼ੂਰੀ ਤੋਂ ਬਾਅਦ ਮੈਦਾਨ ’ਤੇ ਉਤਰਨ ਦਾ ਮੌਕਾ ਮਿਲਿਆ। ਜਲੰਧਰ ਦੀ ਸੁਰਜੀਤ ਹਾਕੀ ਸੋਸਾਇਟੀ ਵਿਚ ਅਭਿਆਸ ਕਰਨ ਵਾਲਾ ਸਿਮਰਨਜੀਤ ਭਾਰਤ ਦੀ 2016 ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਵੀ ਸੀ। ਉਸਦੇ ਚਾਚੇ ਦਾ ਬੇਟਾ ਤੇ ਜੂਨੀਅਰ ਵਿਸ਼ਵ ਕੱਪ ਟੀਮ ਦਾ ਸਾਥੀ ਗੁਰਜੰਟ ਸਿੰਘ ਵੀ ਇਸ ਟੀਮ ਦਾ ਹਿੱਸਾ ਹੈ। ਗੁਰਜੰਟ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਸ਼ਹਿਰ ਦਾ ਰਹਿਣ ਵਾਲਾ ਹੈ।

ਹਾਰਦਿਕ ਸਿੰਘ : ਭਵਿੱਖ ਦਾ ਸਿਤਾਰਾ
ਹਾਕੀ ਹਾਰਦਿਕ ਦੀਆਂ ਰਗਾਂ ਵਿਚ ਹੈ। ਉਸਦੇ ਪਿਤਾ ਤੋਂ ਲੈ ਕੇ ਉਸਦੇ ਚਾਚਾ-ਚਾਚੀ ਤਕ ਨੇ ਹਾਕੀ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ। ਜਲੰਧਰ ਦੇ ਖੁਸਰੋਪੁਰ ਵਿਚ ਪੈਦਾ ਹੋਏ 22 ਸਾਲਾ ਮਿਡਫੀਲਡਰ ਨੇ ਸਾਬਕਾ ਭਾਰਤੀ ਡ੍ਰੈਗ ਫਲਿਕਰ ਆਪਣੇ ਚਾਚਾ ਜੁਗਰਾਜ ਸਿੰਘ ਦੀ ਦੇਖ-ਰੇਖ ਵਿਚ ਅਭਿਆਸ ਕੀਤਾ। ਉਸਦਾ ਚਾਚਾ ਗੁਰਮੈਲ ਸਿੰਘ 1980 ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸੀ। ਹਾਰਦਿਕ ਨੇ 2018 ਹੀਰੋ ਏਸ਼ੀਆਈ ਚੈਂਪੀਅਨਸ ਟਰਾਫੀ ਵਿਚ ਸੀਨੀਅਰ ਟੀਮ ਦੇ ਨਾਲ ਕੌਮਾਂਤਰੀ ਹਾਕੀ ਵਿਚ ਡੈਬਿਊ ਕੀਤਾ ਸੀ, ਜਿੱਥੇ ਭਾਰਤ ਨੇ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਇਕ ਹੋਰ ਚੰਗੀ ਖ਼ਬਰ, ਭਾਰਤੀ ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਤਮਗਾ

ਹਰਮਨਪ੍ਰੀਤ ਸਿੰਘ- ਡ੍ਰੈਗ ਫਲਿਕ ਦਾ ਬਾਦਸ਼ਾਹ
ਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿਚ ਸਥਿਤ ਪਿੰਡ ਜੰਡਿਆਲਾ ਗੁਰੂ ਟਾਊਨਸ਼ਿਪ ਵਿਚ ਰਹਿਣ ਵਾਲੇ ਇਕ ਕਿਸਾਨ ਦੇ ਬੇਟੇ ਹਰਮਨਪ੍ਰੀਤ ਨੇ 2015 ਵਿਚ ਕੌਮਾਂਤਰੀ ਹਾਕੀ ਵਿਚ ਡੈਬਿਊ ਕੀਤਾ। ਉਹ 2016 ਵਿਚ ਸੁਲਤਾਨ ਅਜਲਾਨ ਸ਼ਾਹ ਕੱਪ ਤੇ ਐੱਫ. ਆਈ. ਐੱਚ. ਪੁਰਸ਼ ਚੈਂਪੀਅਨਸ ਟਰਾਫੀ ਵਿਚ ਚਾਂਦੀ ਤਮਗਾ ਜਿੱਤਣ ਵਾਲੀਆਂ ਟੀਮਾਂ ਦਾ ਹਿੱਸਾ ਸੀ। ਉਸ ਨੇ ਪੁਰਸ਼ ਵਿਸ਼ਵ ਸੀਰੀਜ਼ ਫਾਈਨਲਸ ਦੇ ਨਾਲ-ਨਾਲ 2019 ਓਲੰਪਿਕ ਕੁਆਲੀਫਾਇਰ ਵਿਚ ਭਾਰਤ ਦੀ ਸੋਨ ਤਮਗਾ ਜਿੱਤਣ ਵਾਲੀ ਮੁਹਿੰਮ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਗ੍ਰਾਹਮ ਰੀਡ-ਕੋਚ
ਗ੍ਰਾਹਮ ਰੀਡ 1992 ਦੀਆਂ ਬਾਰਸੀਲੋਨਾ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਆਸਟਰੇਲੀਆਈ ਹਾਕੀ ਟੀਮ ਦਾ ਮੈਂਬਰ ਸੀ। ਉਸ ਨੂੰ 130 ਕੌਮਾਂਤਰੀ ਮੈਚਾਂ ਦਾ ਤਜਰਬਾ ਹੈ। ਮਹਾਨ ਰਿਕ ਚਾਰਲਸਵਰਥ ਦਾ ਚੇਲਾ ਰੀਡ 2014 ਵਿਚ ਚੋਟੀ ਦੇ ਸਥਾਨ ’ਤੇ ਪਹੁੰਚਣ ਵਾਲੀ ਆਸਟਰੇਲੀਆਈ ਹਾਕੀ ਟੀਮ ਦਾ ਪੰਜ ਸਾਲ ਤਕ ਸਹਾਇਕ ਕੋਚ ਸੀ। ਉਸਦੀ ਦੇਖ-ਰੇਖ ਵਿਚ ਆਸਟਰੇਲੀਆ ਦੀ ਟੀਮ ਕੁਆਰਟਰ ਫਾਈਨਲ ਵਿਚ ਨੀਦਰਲੈਂਡ ਹੱਥੋਂ ਹਾਰ ਕੇ ਰੀਓ ਓਲੰਪਿਕ ਵਿਚ ਛੇਵੇਂ ਸਥਾਨ ’ਤੇ ਰਹੀ ਸੀ। ਇਸ 57 ਸਾਲਾ ਕੋਚ ਨੂੰ  2019 ਵਿਚ ਭਾਰਤੀ ਪੁਰਸ਼ ਹਾਕੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: Tokyo Olympics: ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਮੁੱਕੇਬਾਜ਼ ਲਵਲੀਨਾ ਨੇ ਜਿੱਤਿਆ ਕਾਂਸੀ ਤਮਗਾ


author

cherry

Content Editor

Related News