ਸਟੋਕਸ ਬਣਿਆ ਦੁਨੀਆ ਦਾ ਨੰਬਰ ਇਕ ਟੈਸਟ ਆਲਰਾਊਂਡਰ
Wednesday, Jul 22, 2020 - 12:26 AM (IST)
ਦੁਬਈ - ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦਾ ਬੇਨ ਸਟੋਕਸ ਵਿੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੂੰ ਪਛਾੜ ਕੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਜਾਰੀ ਤਾਜਾ ਟੈਸਟ ਰੈਂਕਿੰਗ ਵਿਚ ਦੁਨੀਆ ਦਾ ਨੰਬਰ ਇਕ ਆਲਰਾਊਂਡਰ ਬਣ ਗਿਆ ਹੈ।
ਸਟੋਕਸ ਨੇ ਵੈਸਟਇੰਡੀਜ਼ ਵਿਰੁੱਧ ਮਾਨਚੈਸਟਰ ਵਿਚ ਖੇਡੇ ਗਏ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ, ਜਿਸ ਦੀ ਬਦੌਲਤ ਇੰਗਲੈਂਡ ਨੇ ਇਸ ਮੁਕਾਬਲੇ ਵਿਚ ਵਿੰਡੀਜ਼ ਨੂੰ 113 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 1-1 ਨਾਲ ਬਰਾਬਰ ਕਰ ਲਈ ਸੀ। ਸਟੋਕਸ ਨੇ ਦੂਜੇ ਟੈਸਟ ਦੀ ਪਹਿਲੀ ਪਾਰੀ ਵਿਚ 176 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਦੂਜੀ ਪਾਰੀ ਵਿਚ ਅਜੇਤੂ 78 ਦੌੜਾਂ ਬਣਾਈਆਂ ਸਨ ਜਦਕਿ ਮੈਚ ਵਿਚ ਤਿੰਨ ਵਿਕਟਾਂ ਵੀ ਲਈਆਂ ਸਨ। ਸਟੋਕਸ ਤਾਜਾ ਰੈਂਕਿੰਗ ਵਿਚ 497 ਅੰਕਾਂ ਨਾਲ ਦੂਜੇ ਸਥਾਨ ਤੋਂ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ।
ਵਿੰਡੀਜ਼ ਦਾ ਕਪਤਾਨ ਹੋਲਡਰ ਇਕ ਸਥਾਨ ਹੇਠਾਂ 459 ਅੰਕਾਂ ਨਾਲ ਦੂਜੇ ਨੰਬਰ 'ਤੇ ਖਿਸਕ ਗਿਆ ਹੈ। ਹੋਲਡਰ ਦੂਜੇ ਟੈਸਟ ਦੀ ਪਹਿਲੀ ਪਾਰੀ ਵਿਚ 32 ਦੌੜਾਂ ਦੇ ਕੇ ਇਕ ਵਿਕਟ ਜਦਕਿ ਦੂਜੀ ਪਾਰੀ ਵਿਚ 33 ਦੌੜਾਂ 'ਤੇ ਇਕ ਵੀ ਵਿਕਟ ਨਹੀਂ ਲੈ ਸਕਿਆ ਸੀ। ਸਟੋਕਸ ਤੋਂ ਇਲਾਵਾ ਆਲਰਾਊਂਡਰ ਰੈਂਕਿੰਗ ਵਿਚ ਇੰਗਲੈਂਡ ਦੇ ਕ੍ਰਿਸ ਵੋਕਸ ਨੂੰ ਵੀ ਫਾਇਦਾ ਮਿਲਿਆ ਹੈ। ਉਹ ਹੁਣ 211 ਅੰਕਾਂ ਨਾਲ 9ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਸਟੋਕਸ ਨੂੰ ਆਲਰਾਊਂਡ ਰੈਂਕਿੰਗ ਤੋਂ ਇਲਾਵਾ ਬੱਲੇਬਾਜ਼ੀ ਰੈਂਕਿੰਗ ਵਿਚ ਵੀ ਫਾਇਦਾ ਹੋਇਆ ਹੈ ਤੇ ਉਹ ਆਸਟਰੇਲੀਆ ਦੇ ਸਟੀਵ ਸਮਿਥ ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ 827 ਅੰਕਾਂ ਨਾਲ ਤੀਜੇ ਸਥਾਨ 'ਤੇ ਆ ਗਿਆ ਹੈ। ਬੱਲੇਬਾਜ਼ੀ ਰੈਂਕਿੰਗ ਵਿਚ ਸਮਿਥ 911 ਅੰਕਾਂ ਨਾਲ ਪਹਿਲੇ ਤੇ ਵਿਰਾਟ 886 ਅੰਕਾਂ ਨਾਲ ਦੂਜੇ ਸਥਾਨ 'ਤੇ ਕਾਇਮ ਹੈ।
ਬੱਲੇਬਾਜ਼ੀ ਰੈਂਕਿੰਗ ਵਿਚ ਇੰਗਲੈਂਡ ਦਾ ਕਪਤਾਨ ਜੋ ਰੂਟ 738 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ ਜਦਕਿ ਵਿੰਡੀਜ਼ ਵਿਰੁੱਧ ਦੂਜੇ ਟੈਸਟ ਦੀ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲਾ ਬੱਲੇਬਾਜ਼ ਡੋਮਿਨਿਕ ਸਿਬਲੀ 575 ਅੰਕਾਂ ਨਾਲ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 35ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਵਿੰਡੀਜ਼ ਵਿਰੁੱਧ ਪਹਿਲੇ ਟੈਸਟ ਵਿਚ ਟੀਮ ਵਿਚੋਂ ਬਾਹਰ ਰਿਹਾ ਇੰਗਲੈਂਡ ਦਾ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਗੇਂਦਬਾਜ਼ੀ ਰੈਂਕਿੰਗ ਵਿਚ ਟਾਪ-10 ਵਿਚ ਸ਼ਾਮਲ ਹੋ ਗਿਆ ਹੈ। ਬ੍ਰਾਡ ਨੇ ਦੂਜੇ ਮੁਕਾਬਲੇ ਵਿਚ ਕੁਲ 6 ਵਿਕਟਾਂ ਲਈਆਂ ਸਨ, ਜਿਸਦੀ ਬਦੌਲਤ ਉਹ 768 ਅੰਕਾਂ ਨਾਲ 10ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਦੂਜੇ ਮੁਕਾਬਲੇ ਵਿਚੋਂ ਬਾਹਰ ਰਿਹਾ ਇੰਗਲੈਂਡ ਦਾ ਇਕ ਹੋਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ 759 ਅੰਕਾਂ ਨਾਲ 11ਵੇਂ ਸਥਾਨ 'ਤੇ ਖਿਸਕ ਗਿਆ ਹੈ।