ਸਮਿਥ-ਵਾਰਨਰ ਦਾ ਬੈਨ ਖਤਮ, ਵਿਸ਼ਵ ਕੱਪ ਲਈ ਉਪਲਬਧ
Friday, Mar 29, 2019 - 04:57 PM (IST)

ਮੈਲਬੋਰਨ— ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦੋਸ਼ੀ ਪਾਏ ਗਏ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਲੱਗਾ ਇਕ ਸਾਲ ਦਾ ਬੈਨ ਆਖ਼ਰਕਾਰ ਖਤਮ ਹੋ ਗਿਆ ਹੈ ਅਤੇ ਦੋਵੇਂ ਆਸਟਰੇਲੀਆਈ ਖਿਡਾਰੀ ਆਗਾਮੀ ਵਿਸ਼ਵ ਕੱਪ ਸਮੇਤ ਕੌਮਾਂਤਰੀ ਪੱਧਰ 'ਦੇ ਕ੍ਰਿਕਟ 'ਚ ਵਾਪਸੀ ਲਈ ਉਪਲਬਧ ਰਹਿਣਗੇ। ਆਸਟਰੇਲੀਆਈ ਕ੍ਰਿਕਟ ਪ੍ਰਮੁੱਖ ਕੇਵਿਨ ਰਾਬਰਟਸ ਨੇ ਕਿਹਾ ਕਿ ਸਮਿਥ ਅਤੇ ਵਾਰਨਰ ਦੋਹਾਂ ਦਾ ਇਕ ਸਾਲ ਦਾ ਬੈਨ ਖਤਮ ਹੋ ਗਿਆ ਹੈ ਅਤੇ ਹੁਣ ਉਹ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ।
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਦੋਹਾਂ ਖਿਡਾਰੀਆਂ ਨੇ ਆਪਣੀ ਗਲਤੀ ਲਈ ਖਾਮੀਆਜ਼ਾ ਭੁਗਤ ਲਿਆ ਹੈ ਅਤੇ ਉਨ੍ਹਾਂ ਦੀ ਵਾਪਸੀ ਨਾਲ ਆਸਟਰੇਲੀਆਈ ਕ੍ਰਿਕਟ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ ਹੇਵਗਾ ਕਿਉਂਕਿ ਉਨ੍ਹਾਂ ਨੇ ਆਪਣਾ ਪੂਰਾ ਬੈਨ ਝੱਲ ਲਿਆ ਹੈ। ਪਿਛਲੇ ਸਾਲ ਦੱਖਣੀ ਅਫਰੀਕੀ ਦੌਰੇ 'ਚ ਤੀਜੇ ਕੇਪਟਾਊਨ ਟੈਸਟ ਦੇ ਦੌਰਾਨ ਵਾਰਨਰ ਅਤੇ ਕਪਤਾਨ ਸਮਿਥ ਨੇ ਬੱਲੇਬਾਜ਼ ਕੈਮਰੂਨ ਬੇਨਕ੍ਰਾਫਟ ਤੋਂ ਗੇਂਦ ਨਾਲ ਛੇੜਛਾੜ ਕਰਵਾਈ ਸੀ ਅਤੇ ਤਿੰਨੇ ਇਸ 'ਚ ਸ਼ਾਮਲ ਸਨ।