ਸ਼੍ਰੀਕਾਂਤ ਨੇ ਏਸ਼ੀਆ ਕੱਪ ਟੀਮ ''ਚ ਕੇ. ਐੱਲ. ਰਾਹੁਲ ਨੂੰ ਚੁਣੇ ਜਾਣ ''ਤੇ ਚੁੱਕੇ ਸਵਾਲ
Wednesday, Aug 23, 2023 - 06:07 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀ. ਸੀ. ਸੀ. ਆਈ. ਨੇ ਸੋਮਵਾਰ ਨੂੰ ਏਸ਼ੀਆ ਕੱਪ 2023 ਲਈ ਟੀਮ ਦਾ ਐਲਾਨ ਕੀਤਾ। ਭਾਰਤੀ ਚੋਣਕਾਰਾਂ ਨੇ ਕੇ. ਐਲ. ਰਾਹੁਲ ਨੂੰ ਵੀ ਟੀਮ ਇੰਡੀਆ ਵਿੱਚ ਜਗ੍ਹਾ ਦਿੱਤੀ ਹੈ। ਰਾਹੁਲ ਸੱਟ ਕਾਰਨ ਲੰਬੇ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹੇ। ਪਰ ਹੁਣ ਉਹ ਨੈੱਟਸ 'ਤੇ ਅਭਿਆਸ ਕਰ ਰਿਹਾ ਹੈ। ਰਾਹੁਲ ਨੇ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਕਾਫੀ ਮਿਹਨਤ ਕੀਤੀ ਹੈ। ਪਰ ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਕਾਂਤ ਬੀ. ਸੀ. ਸੀ. ਆਈ. ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ।
ਦਰਅਸਲ ਚੋਣਕਾਰਾਂ ਦੇ ਚੇਅਰਮੈਨ ਅਜੀਤ ਅਗਰਕਰ ਨੇ ਸੰਕੇਤ ਦਿੱਤਾ ਕਿ ਰਾਹੁਲ ਅਣਪਛਾਤੀ ਸੱਟ ਕਾਰਨ ਅਹਿਮ ਮੈਚ ਤੋਂ ਖੁੰਝ ਸਕਦਾ ਹੈ। ਅਗਰਕਰ ਨੇ ਹਾਲਾਂਕਿ ਸਪੱਸ਼ਟ ਕੀਤਾ ਕਿ ਇਹ ਮੁੱਦਾ ਰਾਹੁਲ ਦੀ ਪਿਛਲੀ ਪਿੰਨੀ ਦੀ ਸੱਟ ਤੋਂ ਵੱਖਰਾ ਹੈ, ਜਿਸ ਨੇ ਉਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅੱਧ ਤੋਂ ਬਾਅਦ ਐਕਸ਼ਨ ਤੋਂ ਬਾਹਰ ਰੱਖਿਆ ਸੀ। ਸਾਵਧਾਨੀ ਦੇ ਤੌਰ 'ਤੇ ਭਾਰਤ ਨੇ ਸੰਜੂ ਸੈਮਸਨ ਨੂੰ ਰਾਹੁਲ ਦੇ ਬੈਕਅੱਪ ਵਜੋਂ ਚੁਣਿਆ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਸਚਿਨ ਤੇਂਦੁਲਕਰ ਨੂੰ ਬਣਾਇਆ ਨੈਸ਼ਨਲ ਆਈਕਨ, ਜਾਣੋ ਕੀ ਕਰਨਗੇ ਮਾਸਟਰ ਬਲਾਸਟਰ?
ਸ਼੍ਰੀਕਾਂਤ ਦਾ ਕਹਿਣਾ ਹੈ ਕਿ ਜੇਕਰ ਕੋਈ ਖਿਡਾਰੀ ਚੋਣ ਵਾਲੇ ਦਿਨ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਤਾਂ ਉਸ ਨੂੰ ਟੀਮ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ। ਖਬਰਾਂ ਮੁਤਾਬਕ ਸ਼੍ਰੀਕਾਂਤ ਨੇ ਕਿਹਾ, ''ਤੁਸੀਂ ਏਸ਼ੀਆ ਕੱਪ ਖੇਡ ਰਹੇ ਹੋ, ਜੋ ਕਿ ਪ੍ਰੀਮੀਅਰ ਟੂਰਨਾਮੈਂਟ ਹੈ। ਅਸੀਂ ਪਿਛਲੇ ਦੋ ਐਡੀਸ਼ਨਾਂ ਦੇ ਫਾਈਨਲ ਤੱਕ ਨਹੀਂ ਪਹੁੰਚ ਸਕੇ। ਵਿਸ਼ਵ ਕੱਪ ਟੀਮ ਬਾਰੇ ਵੀ ਕੁਝ ਵੀ ਤੈਅ ਨਹੀਂ ਹੈ। ਉਹ (ਟੀਮ ਇੰਡੀਆ ਦੇ ਚੋਣਕਾਰ) ਉਲਝਣ ਵਿੱਚ ਪੈ ਗਏ ਹਨ। ਤੁਹਾਨੂੰ ਇੱਕ ਚੋਣ ਨੀਤੀ ਦੀ ਲੋੜ ਹੈ।
ਸ਼੍ਰੀਕਾਂਤ ਨੇ ਇੱਕ ਪੁਰਾਣੀ ਕਹਾਣੀ ਦਾ ਜ਼ਿਕਰ ਕੀਤਾ। ਉਸ ਨੇ ਕਿਹਾ, “ਟੈਸਟ ਮੈਚਾਂ ਦੌਰਾਨ ਵੀ ਸਾਡੇ ਨਾਲ ਸਮੱਸਿਆ ਸੀ। ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਸੀ। ਵੀ. ਵੀ. ਐਸ. ਲਕਸ਼ਮਣ ਨੇ ਕਿਹਾ ਕਿ ਉਹ ਫਿੱਟ ਹੋ ਕੇ ਖੇਡਣਗੇ। ਇਸ ਲਈ ਉਨ੍ਹਾਂ ਨੂੰ ਟੀਮ 'ਚ ਰੱਖਿਆ ਜਾਣਾ ਚਾਹੀਦਾ ਹੈ। ਪਰ ਮੈਚ ਵਾਲੇ ਦਿਨ ਉਹ ਫਿੱਟ ਨਹੀਂ ਸੀ। ਫਿਰ ਅਸੀਂ ਰੋਹਿਤ ਸ਼ਰਮਾ ਨੂੰ ਟੀਮ 'ਚ ਲੈਣ ਬਾਰੇ ਸੋਚਿਆ। ਇਸ ਤੋਂ ਬਾਅਦ ਅਸੀਂ ਰਿਧੀਮਾਨ ਸਾਹਾ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ। ਚੋਣ ਪੈਨਲ ਉਸ ਦਿਨ ਨਿਰਾਸ਼ ਨਹੀਂ ਸੀ। ਜੇਕਰ ਕੋਈ ਖਿਡਾਰੀ ਚੋਣ ਵਾਲੇ ਦਿਨ ਫਿੱਟ ਨਹੀਂ ਹੁੰਦਾ ਤਾਂ ਉਸ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।