ਸ੍ਰੀਕਾਂਤ ਤੇ ਸਿੰਧੂ ਥਾਈਲੈਂਡ ਓਪਨ ’ਚ ਜਿੱਤੇ

Thursday, May 14, 2026 - 11:28 AM (IST)

ਸ੍ਰੀਕਾਂਤ ਤੇ ਸਿੰਧੂ ਥਾਈਲੈਂਡ ਓਪਨ ’ਚ ਜਿੱਤੇ

ਬੈਂਕਾਕ– ਸਟਾਰ ਬੈਡਮਿੰਟਨ ਖਿਡਾਰੀ ਕੇ. ਸ੍ਰੀਕਾਂਤ ਤੇ ਪੀ. ਵੀ. ਸਿੰਧੂ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ ’ਚ ਬੁੱਧਵਾਰ ਨੂੰ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਦੂਜੇ ਦੌਰ ’ਚ ਪਹੁੰਚ ਗਏ।

ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੇ ਸਿੰਗਾਪੁਰ ਦੇ 8ਵਾਂ ਦਰਜਾ ਪ੍ਰਾਪਤ ਲੋ ਕੀਨ ਯੂ ਨੂੰ 21-14, 21-15 ਨਾਲ ਹਰਾਇਆ। ਉੱਥੇ ਹੀ, ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਚੀਨੀ ਤਾਈਪੇ ਦੀ ਤੁੰਗ ਸਿਊ ਤੁੰਗ ਨੂੰ ਹਰਾਇਆ। ਸ਼੍ਰੀਕਾਂਤ ਦਾ ਸਾਹਮਣਾ ਚੀਨੀ ਤਾਈਪੇ ਦੇ ਸੂ ਲਿ ਯਾਂਗ ਨਾਲ ਹੋਵੇਗਾ ਜਦਕਿ ਸਿੰਧੂ ਡੈੱਨਮਾਰਕ ਦੀ ਅਮੇਲੀ ਸ਼ੂਲਜ਼ ਨਾਲ ਖੇਡੇਗੀ।

ਏਸ਼ੀਆ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਪਹੁੰਚਿਆ ਆਯੂਸ਼ ਮਹਾਤ੍ਰੇ ਨੂੰ ਜਾਪਾਨ ਦੇ 6ਵਾਂ ਦਰਜਾ ਪ੍ਰਾਪਤ ਕੋਡਾਈ ਨਰਾਓਕਾ ਵਿਰੁੱਧ 13-21, 21-17, 4-21 ਨਾਲ ਹਾਰ ਝੱਲਣੀ ਪਈ ਜਦਕਿ ਤਰੁਣ ਮੰਨੇਪੱਲੀ ਜਾਪਾਨ ਦੇ ਹੀ ਕੋਕੀ ਵਾਤਾਨਾਬੇ ਤੋਂ 12-21, 16-21 ਨਾਲ ਹਾਰ ਗਿਆ।

ਉੱਨਤੀ ਹੁੱਡਾ ਤੇ ਅਨਮੋਲ ਖਰਬ ਨੂੰ ਕ੍ਰਮਵਾਰ ਥਾਈਲੈਂਡ ਦੀ ਚੌਥੀ ਦਰਜਾ ਪ੍ਰਾਪਤ ਪੋਰਨਪਾਵੀ ਚੋਚੂਵੋਂਗ ਤੇ ਚੀਨ ਦੀ ਦੂਜੀ ਦਰਜਾ ਪ੍ਰਾਪਤ ਚੇਨ ਯੂ ਫੇਈ ਨੇ ਹਰਾਇਆ। ਹੁੱਡਾ ਨੂੰ 21-11, 17-21, 16-21 ਨਾਲ ਹਾਰ ਮਿਲੀ ਜਦਕਿ ਖਰਬ ਨੂੰ ਟੋਕੀਓ ਓਲੰਪਿਕ ਚੈਂਪੀਅਨ ਨੇ 21-19, 13-21, 18-21 ਨਾਲ ਹਰਾਇਆ।


author

Tarsem Singh

Content Editor

Related News