ਸਿੰਧੂ ਦੇ ਓਲੰਪਿਕ ਕਾਂਸੀ ਤਮਗੇ ਤੋਂ ਲੈ ਕੇ ਲਗਾਤਾਰ ਦੋ ਸੁਪਰ 300 ਖਿਤਾਬਾਂ ਤੱਕ, ਪਾਰਕ ਦਿਵਾ ਰਹੇ ਨੇ ਸਫਲਤਾ
Monday, Aug 10, 2026 - 11:14 AM (IST)
ਨਵੀਂ ਦਿੱਲੀ– ‘ਲਗਾਤਾਰ ਦੋ ਹਫਤੇ। ਦੋ ਸੁਪਰ-300 ਖਿਤਾਬ। ਦੋ ਵੱਖ-ਵੱਖ ਖਿਡਾਰੀ।’ ਕਿਸੇ ਵੀ ਕੋਚ ਨੂੰ ਇਨ੍ਹਾਂ ਉਪਲੱਬਧੀਆਂ ’ਤੇ ਮਾਣ ਹੋਣਾ ਸੁਭਾਵਿਕ ਹੈ ਤੇ ਦੱਖਣੀ ਕੋਰੀਆ ਦੇ ਰਹਿਣ ਵਾਲੇ ਭਾਰਤੀ ਬੈਡਮਿੰਟਨ ਕੋਚ ਪਾਰਕ ਤਾਏ-ਸਾਂਗ ਵੀ ਇਸ ਤੋਂ ਕੁਝ ਵੱਖਰਾ ਨਹੀਂ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਪਾਰਕ ਦੇ ਮਾਰਗਦਰਸ਼ਨ ’ਚ ਖਿਤਾਬ ਜਿੱਤੇ ਹਨ। ਪੀ. ਵੀ. ਸਿੰਧੂ ਨੇ ਉਸ ਦੇ ਰਹਿੰਦੇ ਹੋਏ ਹੀ ਓਲੰਪਿਕ ’ਚ ਕਾਂਸੀ ਤਮਗਾ ਜਿੱਤਿਆ ਸੀ। ਪਿਛਲੇ ਐਤਵਾਰ ਨੂੰ ਪਾਰਕ ਤੋਂ ਕੋਚਿੰਗ ਲੈਣ ਵਾਲੀ 17 ਸਾਲਾ ਤਨਵੀ ਸ਼ਰਮਾ ਨੇ ਤਾਈਪੇ ਓਪਨ ਜਿੱਤਿਆ। ਇਸ ਦੇ 7 ਦਿਨ ਬਾਅਦ 26 ਸਾਲਾ ਅਸ਼ਮਿਤਾ ਚਾਲਿਹਾ ਨੇ ਕਰੀਅਰ ਨੂੰ ਖਤਰੇ ’ਚ ਪਾਉਣ ਵਾਲੀ ਗੋਡੇ ਦੀ ਸੱਟ ਤੋਂ ਉੱਭਰ ਕੇ ਕੋਰੀਆ ਮਾਸਟਰਜ਼ ਜਿੱਤਿਆ।
ਪਾਰਕ ਨੇ ਕਿਹਾ, ‘‘ਇਹ ਦੋ ਹਫਤੇ ਬੇਹੱਦ ਸ਼ਾਨਦਾਰ ਰਹੇ। ਪਿਛਲੇ ਹਫਤੇ ਤਨਵੀ ਦਾ ਪ੍ਰਦਰਸ਼ਨ ਲਾਜਵਾਬ ਸੀ। ਉਹ ਸਿਰਫ 17 ਸਾਲ ਦੀ ਹੈ ਤੇ ਉਸ ਨੇ ਆਪਣਾ ਪਹਿਲਾ ਬੀ. ਡਬਲਯੂ. ਐੱਫ. ਖਿਤਾਬ ਜਿੱਤਿਆ। ਅੱਜ ਤਾਂ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਇਹ ਅਸ਼ਮਿਤਾ ਦਾ ਪਹਿਲਾ ਫਾਈਨਲ ਸੀ ਤੇ ਉਸ ਨੇ ਖਿਤਾਬ ਜਿੱਤ ਲਿਆ। ਇਕ ਕੋਚ ਦੇ ਤੌਰ ’ਤੇ ਮੈਂ ਬੇਹੱਦ ਖੁਸ਼ ਹਾਂ।’’
ਪਾਰਕ ਨੇ ਇਸ ਤੋਂ ਪਹਿਲਾਂ ਹੈਦਰਾਬਾਦ ’ਚ ਪੀ. ਵੀ. ਸਿੰਧੂ ਨਾਲ 4 ਸਾਲ ਬਿਤਾਏ। ਉਹ ਸਿੰਧੂ ਦੇ ਟੋਕੀਓ ਓਲੰਪਿਕ ’ਚ ਕਾਂਸੀ ਤਮਗਾ ਜਿੱਤਣ ਤੱਕ ਇਸ ਸਟਾਰ ਭਾਰਤੀ ਖਿਡਾਰਨ ਨਾਲ ਰਹੇ। ਸਿੰਧੂ ਨਾਲ ਸਾਂਝੇਦਾਰੀ ਖਤਮ ਹੋਣ ਤੋਂ ਬਾਅਦ ਭਾਰਤੀ ਬੈਡਮਿੰਟਨ ਸੰਘ ਨੇ ਪਾਰਕ ਨਾਲ ਨੌਜਵਾਨ ਖਿਡਾਰੀਆਂ ਨਾਲ ਕੰਮ ਕਰਨ ਬਾਰੇ ਸੰਪਰਕ ਕੀਤਾ।
ਪਾਰਕ ਨੇ ਕਿਹਾ, ‘‘ਜਦੋਂ ਮੈਂ ਸਿੰਧੂ ਨਾਲ ਕੰਮ ਕਰਨਾ ਸ਼ੁਰੂ ਕੀਤਾ, ਉਦੋਂ ਉਹ ਪਹਿਲਾਂ ਤੋਂ ਹੀ ਵਿਸ਼ਵ ਚੈਂਪੀਅਨ ਸੀ ਤੇ ਉਸ ਦੇ ਆਲੇ-ਦੁਆਲੇ ਚੰਗੇ ਸੀਨੀਅਰ ਖਿਡਾਰੀਆਂ ਦਾ ਸਮੂਹ ਸੀ। ਇਸ ਵਾਰ ਮੈਂ ਸੋਚਿਆ, ਚਲੋ ਹੇਠਲੇ ਪੱਧਰ ਤੋਂ ਸ਼ੁਰੂਆਤ ਕਰਦੇ ਹਾਂ। ਇਸ ਦਾ ਉਦੇਸ਼ ਭਾਰਤੀ ਖਿਡਾਰੀਆਂ ਦੀ ਇਕ ਨਵੀਂ ਪੀੜ੍ਹੀ ਤਿਆਰ ਕਰਨਾ ਸੀ।’’
ਗੁਹਾਟੀ ਸਥਿਤ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ’ਚ 3 ਸਾਲ ਬਿਤਾਉਣ ਤੋਂ ਬਾਅਦ ਹੁਣ ਇਸ ਦੇ ਨਤੀਜੇ ਦਿਸਣ ਲੱਗੇ ਹਨ। ਪਾਰਕ ਇਨ੍ਹਾਂ ਦੋਵਾਂ ਖਿਤਾਬਾਂ ਨੂੰ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਵੱਲ ਪਹਿਲਾ ਕਦਮ ਮੰਨਦਾ ਹੈ।
ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪਿਛਲੇ ਦੋ ਹਫਤਿਆਂ ’ਚ ਬੀ. ਡਬਲਯੂ. ਐੱਫ. 300 ਪੱਧਰ ਦੇ ਦੋ ਖਿਤਾਬ ਜਿੱਤਣਾ ਚੰਗੀ ਉਪਲੱਬਧੀ ਹੈ ਪਰ ਇਹ ਸਿਰਫ 300 ਪੱਧਰ ਦੇ ਟੂਰਨਾਮੈਂਟ ਹਨ। ਖਿਡਾਰੀ ਹੁਣ 500, 750 ਤੇ 1000 ਪੱਧਰ ਦੇ ਟੂਰਨਾਮੈਂਟਾਂ ’ਤੇ ਨਜ਼ਰਾਂ ਲਗਾਈ ਬੈਠੇ ਹਨ।’’
ਪਾਰਕ ਨੇ ਕਿਹਾ, ‘‘ਤਨਵੀ ਤੇ ਅਸ਼ਮਿਤਾ ਦੋਵਾਂ ਲਈ ਸਾਡਾ ਟੀਚਾ ਇਕ ਹੀ ਹੈ। ਉਨ੍ਹਾਂ ਨੂੰ ਲਾਸ ਏਂਜਲਸ ’ਚ 2028 ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਤਿਆਰ ਕਰਨਾ। ਅਗਲੇ ਸਾਲ 1 ਮਈ ਤੋਂ ਓਲੰਪਿਕ ਕੁਆਲੀਫਾਇੰਗ ਦੌਰ ਸ਼ੁਰੂ ਹੋ ਜਾਵੇਗਾ, ਇਸ ਲਈ ਅਗਲਾ ਸਾਲ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।’’
