PIF ਲੰਡਨ ਚੈਂਪੀਅਨਸ਼ਿਪ ਗੋਲਫ : ਪ੍ਰਣਵੀ ਤੇ ਅਦਿਤੀ ਟਾਪ-20 ’ਚ ਰਹੀਆਂ
Tuesday, Aug 11, 2026 - 10:52 AM (IST)
ਸਪੋਰਟਸ ਡੈਸਕ– ਭਾਰਤੀ ਗੋਲਫਰ ਪ੍ਰਣਵੀ ਉਰਸ ਨੇ ਪੀ. ਆਈ. ਐੱਫ. ਲੰਡਨ ਚੈਂਪੀਅਨਸ਼ਿਪ ਦੇ ਆਖਰੀ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੱਤ ਅੰਡਰ 66 ਦਾ ਕਾਰਡ ਖੇਡਿਆ ਅਤੇ ਸਾਂਝੇ ਤੌਰ ’ਤੇ 19ਵੇਂ ਸਥਾਨ ’ਤੇ ਰਹੀ ਜਦਕਿ ਅਦਿਤੀ ਅਸ਼ੋਕ ਨੇ ਆਖਰੀ ਦੌਰ ’ਚ ਚਾਰ ਅੰਡਰ 69 ਦਾ ਸਕੋਰ ਕਰ ਕੇ ਸਾਂਝੇ ਤੌਰ ’ਤੇ 17ਵਾਂ ਸਥਾਨ ਹਾਸਲ ਕੀਤਾ।
ਪ੍ਰਣਵੀ ਤੀਜੇ ਦੌਰ ’ਚ ਨਿਰਾਸ਼ਾਜਨਕ 78 ਦਾ ਕਾਰਡ ਖੇਡਣ ਤੋਂ ਬਾਅਦ ਆਖਰੀ ਦੌਰ ਦੀ ਸ਼ੁਰੂਆਤ ’ਚ ਟਾਪ-30 ਤੋਂ ਬਾਹਰ ਸੀ। ਉਸ ਨੇ ਹਫਤੇ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 12 ਸਥਾਨਾਂ ਦੀ ਛਾਲ ਲਾਈ। ਪ੍ਰਣਵੀ ਨੇ 70, 73, 78 ਅਤੇ 66 ਦੇ ਦੌਰ ਨਾਲ ਕੁੱਲ ਪੰਜ ਅੰਡਰ 287 ਦਾ ਸਕੋਰ ਬਣਾਇਆ। ਅਦਿਤੀ ਦਾ ਕੁੱਲ ਸਕੋਰ ਛੇ ਅੰਡਰ 286 (73-72-72-69) ਰਿਹਾ।
ਕੱਟ ’ਚ ਜਗ੍ਹਾ ਬਣਾਉਣ ਵਾਲੀ ਇਕ ਹੋਰ ਭਾਰਤੀ ਦੀਕਸ਼ਾ ਡਾਗਰ ਛੇ ਓਵਰ 78 ਦਾ ਨਿਰਾਸ਼ਾਜਨਕ ਕਾਰਡ ਖੇਡਣ ਤੋਂ ਬਾਅਦ ਸਾਂਝੇ ਤੌਰ ’ਤੇ 46ਵੇਂ ਸਥਾਨ ’ਤੇ ਰਹੀ। ਦੀਕਸ਼ਾ ਦਾ ਕੁੱਲ ਸਕੋਰ ਤਿੰਨ ਓਵਰ 291 (75-70-72-78) ਰਿਹਾ। ਕੈਨੇਡਾ ਦੀ ਅੰਨਾ ਹੁਆਂਗ ਨੇ ਦੋ ਸ਼ਾਟਾਂ ਦੇ ਫਰਕ ਨਾਲ ਖਿਤਾਬ ਆਪਣੇ ਨਾਂ ਕੀਤਾ। 17 ਸਾਲਾ ਹੁਆਂਗ ਨੇ 11 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਆਪਣਾ ਚੌਥਾ ਲੇਡੀਜ਼ ਯੂਰਪੀਅਨ ਟੂਰ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਹੁਆਂਗ ਦਾ ਕੁੱਲ ਸਕੋਰ 22 ਅੰਡਰ-ਪਾਰ ਰਿਹਾ।
