ਸ਼੍ਰੀਲੰਕਾ ਨੇ ਇਕਲੌਤੇ ਟੈਸਟ ’ਚ ਅਫਗਾਨਿਸਤਾ ਨੂੰ 10 ਵਿਕਟਾਂ ਨਾਲ ਹਰਾਇਆ

Monday, Feb 05, 2024 - 06:51 PM (IST)

ਸ਼੍ਰੀਲੰਕਾ ਨੇ ਇਕਲੌਤੇ ਟੈਸਟ ’ਚ ਅਫਗਾਨਿਸਤਾ ਨੂੰ 10 ਵਿਕਟਾਂ ਨਾਲ ਹਰਾਇਆ

ਕੋਲੰਬੋ, (ਭਾਸ਼ਾ)– ਖੱਬੇ ਹੱਥ ਦੇ ਸਪਿਨਰ ਪ੍ਰਭਾਤ ਜੈਸੂਰੀਆ (67 ਦੌੜਾਂ ’ਤੇ 3 ਵਿਕਟਾਂ ਤੇ 107 ਦੌੜਾਂ ’ਤੇ 5 ਵਿਕਟਾਂ) ਨੇ ਮੈਚ ਵਿਚ 8 ਵਿਕਟਾਂ ਲਈਆਂ, ਜਿਸ ਨਾਲ ਸ਼੍ਰੀਲੰਕਾ ਨੇ ਸੋਮਵਾਰ ਨੂੰ ਅਫਗਾਨਿਸਤਾਨ ਵਿਰੁੱਧ ਇਕਲੌਤੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।

ਪਹਿਲੀ ਪਾਰੀ ਵਿਚ 198 ਦੌੜਾਂ ਬਣਾਉਣ ਵਾਲਾ ਅਫਗਾਨਿਸਤਾਨ ਦੂਜੀ ਪਾਰੀ ਵਿਚ 296 ਦੌੜਾਂ ’ਤੇ ਸਿਮਟ ਗਿਆ, ਜਿਸ ਨਾਲ ਸ਼੍ਰੀਲੰਕਾ ਨੂੰ 56 ਦੌੜਾਂ ਦਾ ਟੀਚਾ ਮਿਲਿਆ, ਜਿਹੜਾ ਉਸ ਨੇ ਦਿਮੁਥ ਕਰੁਣਾਰਤਨੇ (ਅਜੇਤੂ 32) ਤੇ ਨਿਸ਼ਾਨ ਮਧੂਸ਼ਨਾਕਾ (ਅਜੇਤੂ 22) ਦੀਆਂ ਪਾਰੀਆਂ ਦੀ ਬਦੌਲਤ ਬਿਨਾਂ ਵਿਕਟ ਗੁਆਏ 8ਵੇਂ ਓਵਰ ਵਿਚ ਹੀ ਹਾਸਲ ਕਰ ਲਿਆ। ਐਂਜੇਲੋ ਮੈਥਿਊਜ਼ (141) ਤੇ ਦਿਨੇਸ਼ ਚਾਂਦੀਮਲ (107) ਦੇ ਸੈਂਕੜਿਆਂ ਨਾਲ ਸ਼੍ਰੀਲੰਕਾ ਨੇ ਪਹਿਲੀ ਪਾਰੀ ਵਿਚ 439 ਦੌੜਾਂ ਬਣਾ ਕੇ 241 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।

ਅਫਗਾਨਿਸਤਾਨ ਨੇ ਦਿਨ ਦੀ ਸ਼ੁਰੂਆਤ 1 ਵਿਕਟ ’ਤੇ 199 ਦੌੜਾਂ ਦੀ ਮਜ਼ਬੂਤ ਸਥਿਤੀ ਨਾਲ ਕੀਤੀ ਸੀ ਪਰ ਟੀਮ ਨੇ ਲੰਚ ਤਕ 252 ਦੌੜਾਂ ਤਕ 7 ਵਿਕਟਾਂ ਗੁਆ ਦਿੱਤੀਆਂ। ਆਪਣਾ ਪਹਿਲਾ ਟੈਸਟ ਸੈਂਕੜਾ ਲਾਉਣ ਵਾਲਾ ਇਬ੍ਰਾਹਿਮ ਜਾਦਰਾਨ 114 ਦੌੜਾਂ ਬਣਾ ਕੇ ਆਊਟ ਹੋਇਆ। ਦਿਨ ਦੀ ਸ਼ੁਰੂਆਤ ਵਿਚ ਅਫਗਾਨਿਸਤਾਨ ਦੀ ਟੀਮ ਸ਼੍ਰੀਲੰਕਾ ਦੇ ਪਹਿਲੀ ਪਾਰੀ ਦੇ ਸਕੋਰ ਤੋਂ 42 ਦੌੜਾਂ ਪਿੱਛੇ ਸੀ। ਰਹਿਮਤ ਸ਼ਾਹ (54) ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਰਿਹਾ, ਜਿਸ ਨੂੰ ਕਾਸੁਨ ਰਜਿਥਾ (59 ਦੌੜਾਂ ’ਤੇ 2 ਵਿਕਟਾਂ) ਨੇ ਵਿਕਟਕੀਪਰ ਸਦੀਰਾ ਸਮਰਵਿਕ੍ਰਮਾ ਦੇ ਹੱਥੋਂ ਕੈਚ ਕਰਵਾਇਆ।

 ਇਸ ਨਾਲ ਇਬ੍ਰਾਹਿਮ ਦੇ ਨਾਲ ਉਸਦੀ 108 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਹੋਇਆ। ਜੈਸੂਰੀਆ (107 ਦੌੜਾਂ ’ਤੇ 5 ਵਿਕਟਾਂ) ਨੇ ਇਸ ਤੋਂ ਬਾਅਦ ਇਬ੍ਰਾਹਿਮ ਨੂੰ ਬੋਲਡ ਕਰਕੇ ਅਫਗਾਨਿਸਤਾਨ ਦਾ ਸਕੋਰ ਵਿਕਟਾਂ ’ਤੇ 237 ਦੌੜਾਂ ਕੀਤਾ। ਮੱਧ ਤੇ ਹੇਠਲੇ ਕ੍ਰਮ ਵਿਚ ਨਾਸਿਰ ਜਮਾਲ (ਅਜੇਤੂ 41) ਤੋਂ ਇਲਾਵਾ ਅਫਗਾਨਿਸਤਾਨ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਦੂਜੀ ਪਾਰੀ ਵਿਚ ਅਫਗਾਨਿਸਤਾਨ ਦੇ ਛੇ ਬੱਲੇਬਾਜ਼ ਦੋਹਰੇ ਅੰਕ ਵਿਚ ਵੀ ਪਹੁੰਚਣ ਵਿਚ ਅਸਫਲ ਰਹੇ। ਸਾਲ 2018 ਵਿਚ ਅਫਗਾਨਿਸਤਾਨ ਨੂੰ ਟੈਸਟ ਟੀਮ ਦਾ ਦਰਜਾ ਮਿਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲਾ ਟੈਸਟ ਸੀ।


author

Tarsem Singh

Content Editor

Related News