ਪਾਕਿ ਦੌਰੇ ਤੋਂ ਪਹਿਲਾਂ ਅੱਤਵਾਦੀ ਹਮਲੇ ਦੀ ਮਿਲੀ ਚੇਤਾਵਨੀ : ਸ਼੍ਰੀਲੰਕਾ ਕ੍ਰਿਕਟ ਬੋਰਡ

Thursday, Sep 12, 2019 - 04:04 AM (IST)

ਪਾਕਿ ਦੌਰੇ ਤੋਂ ਪਹਿਲਾਂ ਅੱਤਵਾਦੀ ਹਮਲੇ ਦੀ ਮਿਲੀ ਚੇਤਾਵਨੀ : ਸ਼੍ਰੀਲੰਕਾ ਕ੍ਰਿਕਟ ਬੋਰਡ

ਕੋਲੰਬੋ— ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਚੇਤਾਵਨੀ ਮਿਲੀ ਹੈ ਕਿ ਉਸਦੀ ਰਾਸ਼ਟਰੀ ਟੀਮ ਪਾਕਿਸਤਾਨ ਦੇ ਆਗਾਮੀ ਦੌਰੇ ਦੌਰਾਨ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣ ਸਕਦੀ ਹੈ। ਬੋਰਡ ਨੇ ਕਿਹਾ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫਤਰ ਨੇ ਉਸ ਨੂੰ 'ਸਥਿਤੀ ਦਾ ਮੁੜ ਮੁਲਾਂਕਣ' ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਸੀਮਿਤ ਓਵਰਾਂ ਦੇ 6 ਮੈਚਾਂ ਦੇ ਦੌਰੇ ਤੋਂ ਪਹਿਲਾਂ ਰਾਸ਼ਟਰੀ ਟੀਮ ਵਿਰੁੱਧ ਸੰਭਵਿਤ ਅੱਤਵਾਦੀ ਹਮਲੇ ਦੀ ਭਰੋਸੇਯੋਗ ਜਾਣਕਾਰੀ ਮਿਲੀ ਹੈ। ਕ੍ਰਿਕਟ ਬੋਰਡ ਨੇ ਦੌਰਾ ਰੱਦ ਨਹੀਂ ਕੀਤਾ ਹੈ ਪਰ ਕਿਹਾ ਕਿ ਸ਼੍ਰੀਲੰਕਾ ਸਰਕਾਰ ਦੇ ਅਥਾਰਟੀ ਨਾਲ ਸੁਰੱਖਿਆ ਸਥਿਤੀ ਦਾ ਮੁੜ ਮੁਲਾਂਕਣ ਕਰਵਾਇਆ ਜਾਵੇਗਾ। ਸ਼੍ਰੀਲੰਕਾ ਦੀ ਕ੍ਰਿਕਟ ਟੀਮ ਮਾਰਚ 2009 'ਚ ਵੀ ਪਾਕਿਸਤਾਨ ਦੇ ਲਾਹੌਰ 'ਚ ਟੈਸਟ ਮੈਚ ਦੇ ਦੌਰਾਨ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਈ ਸੀ। ਅੱਤਵਾਦੀਆਂ ਨੇ ਸ਼੍ਰੀਲੰਕਾ ਦੀ ਟੀਮ ਬੱਸ 'ਤੇ ਗੋਲੀਆਂ ਚਲਾਈਆਂ ਸੀ ਜਿਸ 'ਚ ਟੀਮ ਦੇ 6 ਖਿਡਾਰੀ ਜ਼ਖਮੀ ਹੋ ਗਏ ਸਨ ਜਦਕਿ 6 ਪੁਲਸ ਕਰਮਚਾਰੀ ਤੇ 2 ਵਿਅਕਤੀ ਮਾਰੇ ਗਏ ਸਨ। 10 ਸੀਨੀਅਰ ਖਿਡਾਰੀਆਂ ਨੇ ਪਹਿਲਾਂ ਹੀ ਸੁਰੱਖਿਆ ਕਾਰਨਾਂ ਨਾਲ ਪਾਕਿਸਤਾਨ ਦੇ ਆਗਾਮੀ ਦੌਰੇ ਤੋਂ ਹਟ ਗਏ ਹਨ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ 27 ਸਤੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਟੀ-20 ਤੇ ਤਿੰਨ ਵਨ ਡੇ ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਦੇ ਲਈ ਦੋ ਟੀਮਾਂ ਦਾ ਐਲਾਨ ਕਰਨ ਦੇ ਕੁਝ ਦੇਰ ਬਾਅਦ ਬਿਆਨ ਜਾਰੀ ਕੀਤਾ ਹੈ।


author

Gurdeep Singh

Content Editor

Related News