''ਦੌੜਾਂ ਦੇ ਮੀਂਹ'' ਤੋਂ ਬਾਅਦ ਸ਼੍ਰੀਲੰਕਾ-ਬੰਗਲਾਦੇਸ਼ ਟੈਸਟ ਡਰਾਅ
Monday, Feb 05, 2018 - 12:14 AM (IST)

ਚਟਗਾਂਵ— ਮੋਮੀਨੁਲ ਹੱਕ ਦੇ ਮੈਚ 'ਚ ਦੂਜੇ ਸੈਂਕੜੇ ਤੇ ਉਸ ਦੀ ਲਿਟਨ ਦਾਸ (94) ਨਾਲ 180 ਦੌੜਾਂ ਦੀ ਸਾਂਝੇਦਾਰੀ ਨਾਲ ਮੇਜ਼ਬਾਨ ਬੰਗਲਾਦੇਸ਼ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਐਤਵਾਰ ਮੈਚ ਡਰਾਅ ਕਰਾ ਦਿੱਤਾ। ਚਟਗਾਂਵ 'ਚ ਖੇਡਿਆ ਗਿਆ ਪਹਿਲਾ ਕ੍ਰਿਕਟ ਟੈਸਟ ਪੰਜ ਦਿਨਾਂ ਦੀ ਖੇਡ 'ਚ ਦੋਵਾਂ ਟੀਮਾਂ ਵਲੋਂ ਦੌੜਾਂ ਦਾ ਮੀਂਹ ਵਰ੍ਹਾਉਣ ਨਾਲ ਯਾਦਗਾਰ ਬਣ ਗਿਆ, ਜਿਸ 'ਚ ਬੰਗਲਾਦੇਸ਼ ਨੇ ਪਹਿਲੀ ਪਾਰੀ 'ਚ 129.5 ਓਵਰਾਂ ਵਿਚ 513 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਸ਼੍ਰੀਲੰਕਾ ਨੇ ਪਹਿਲੀ ਪਾਰੀ 'ਚ 199.3 ਓਵਰਾਂ 'ਚ 9 ਵਿਕਟਾਂ 'ਤੇ 713 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ।
ਬੰਗਲਾਦੇਸ਼ ਨੇ ਫਿਰ ਦੂਜੀ ਪਾਰੀ 'ਚ ਪੰਜਵੇਂ ਤੇ ਆਖਰੀ ਦਿਨ ਤਕ 100 ਓਵਰਾਂ ਵਿਚ 5 ਵਿਕਟਾਂ 'ਤੇ 307 ਦੌੜਾਂ ਬਣਾਈਆਂ ਤੇ ਮੈਚ ਡਰਾਅ ਹੋ ਗਿਆ। ਦੋ ਮੈਚਾਂ ਦੀ ਸੀਰੀਜ਼ ਵਿਚ ਹੁਣ ਦੋਵੇਂ ਟੀਮਾਂ ਬਰਾਬਰੀ 'ਤੇ ਹਨ ਤੇ ਆਖਰੀ ਮੈਚ ਫੈਸਲਾਕੁੰਨ ਸਾਬਤ ਹੋਵੇਗਾ। ਮੇਜ਼ਬਾਨ ਟੀਮ ਦੀ ਪਹਿਲੀ ਪਾਰੀ 'ਚ 176 ਦੌੜਾਂ ਬਣਾਉਣ ਵਾਲੇ ਮੋਮੀਨੁਲ ਨੇ ਦੂਜੀ ਪਾਰੀ ਵਿਚ 105 ਦੌੜਾਂ ਦੀ ਲਗਾਤਾਰ ਦੂਜੀ ਸੈਂਕੜੇ ਵਾਲੀ ਪਾਰੀ ਖੇਡੀ ਤੇ ਉਹ ਇਸ ਦੇ ਨਾਲ ਹੀ ਇਕ ਮੈਚ ਵਿਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਬੰਗਲਾਦੇਸ਼ ਦਾ ਪਹਿਲਾ ਬੱਲੇਬਾਜ਼ ਬਣ ਗਿਆ।