ਵੈਸਟਇੰਡੀਜ਼ ਦੇ ਬਾਹਰ ਹੋਣ ਤੋਂ ਬਾਅਦ ਸ਼੍ਰੀਲੰਕਾ ਤੇ ਜ਼ਿੰਬਾਬਵੇ ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਅੱਗੇ

Monday, Jul 03, 2023 - 02:55 PM (IST)

ਵੈਸਟਇੰਡੀਜ਼ ਦੇ ਬਾਹਰ ਹੋਣ ਤੋਂ ਬਾਅਦ ਸ਼੍ਰੀਲੰਕਾ ਤੇ ਜ਼ਿੰਬਾਬਵੇ ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਅੱਗੇ

ਹਰਾਰੇ (ਭਾਸ਼ਾ)- ਦੋ ਵਾਰ ਦੇ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਦੇ ਬਾਹਰ ਹੋਣ ਤੋਂ ਬਾਅਦ ਜ਼ਿੰਬਾਬਵੇ ਵਿਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਦੇ ਰਾਹੀਂ ਅਜੇ ਵੀ ਚਾਰ ਟੀਮਾਂ ਕੋਲ ਭਾਰਤ ਵਿਚ ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ। ਸ਼੍ਰੀਲੰਕਾ, ਜ਼ਿੰਬਾਬਵੇ, ਸਕਾਟਲੈਂਡ ਤੇ ਨੀਦਰਲੈਂਡ ਦੀਆਂ ਟੀਮਾਂ 5 ਅਕਤੂਬਰ ਤੋਂ ਭਾਰਤ ਵਿਚ ਸ਼ੁਰੂ ਹੋਣ ਵਾਲੇ 50 ਓਵਰਾਂ ਦੇ ਵੱਕਾਰੀ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਵਾਲੀਆਂ ਦੋ ਟੀਮਾਂ ਦੀ ਦੌੜ ਵਿਚ ਸ਼ਾਮਲ ਹੈ। ਸ਼੍ਰੀਲੰਕਾ ਦੇ ਸੁਪਰ ਸਿਕਸ ਦੇ 3 ਮੈਚਾਂ ਵਿਚੋਂ 6 ਅੰਕ ਹਨ। ਟੂਰਨਾਮੈਂਟ ਵਿਚ ਅਜੇ ਤਕ ਅਜੇਤੂ ਰਿਹਾ ਸ਼੍ਰੀਲੰਕਾ ਜੇਕਰ ਜ਼ਿੰਬਾਬਵੇ ਨੂੰ ਹਰਾ ਦਿੰਦਾ ਹੈ ਤਾਂ ਉਹ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਵੇਗਾ। ਜ਼ਿੰਬਾਬਵੇ ਵਿਰੁੱਧ ਹਾਰ ਦੇ ਬਾਵਜੂਦ ਸ਼੍ਰੀਲੰਕਾ ਦੀ ਟੀਮ ਕੋਲ 7 ਜੁਲਾਈ ਨੂੰ ਆਪਣੇ ਸੁਪਰ ਸਿਕਸ ਮੈਚ ਵਿਚ ਵੈਸਟਇੰਡੀਜ਼ ਨੂੰ ਹਰਾ ਕੇ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ।

ਸ਼੍ਰੀਲੰਕਾ ਦੀ ਨੈੱਟ ਰਨ ਰੇਟ (1.832) ਵੀ ਕਾਫੀ ਚੰਗੀ ਹੈ। ਜ਼ਿੰਬਾਬਵੇ ਦੇ ਵੀ ਤਿੰਨ ਮੈਚਾਂ ਵਿਚੋਂ 6 ਅੰਕ ਹਨ ਤੇ ਉਸ ਨੇ ਸ਼੍ਰੀਲੰਕਾ ਦੇ ਬਰਾਬਰ ਆਪਣੇ ਸਾਰੇ ਮੁਕਾਬਲੇ ਜਿੱਤੇ ਹਨ। ਟੀਮ ਦੀ ਨੈੱਟ ਰਨ ਰੇਟ (0.752) ਕਾਫੀ ਚੰਗੀ ਨਹੀਂ ਹੈ ਤੇ ਸ਼੍ਰੀਲੰਕਾ ਵਿਰੁੱਧ ਜਿੱਤ ਦੇ ਬਾਵਜੂਦ ਜ਼ਿੰਬਾਬਵੇ ਦੀ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਦਾ ਰਸਤਾ ਆਸਾਨ ਨਹੀਂ ਹੋਵੇਗਾ। ਆਪਣੇ ਆਖਰੀ ਮੈਚ ਵਿਚ ਸਕਾਟਲੈਂਡ ਵਿਰੁੱਧ ਹਾਰ ਜ਼ਿੰਬਾਬਵੇ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰ ਸਕਦੀ ਹੈ। ਸਕਾਟਲੈਂਡ ਦੇ ਤਿੰਨ ਮੈਚਾਂ ਵਿਚ ਚਾਰ ਅੰਕ ਹਨ। ਵੈਸਟਇੰਡੀਜ਼ ਵਿਰੁੱਧ ਜਿੱਤ ਨਾਲ ਟੀਮ ਦੀਆਂ ਕੁਆਲੀਫਾਈ ਕਰਨ ਦੀਆਂ ਉਮੀਦਾਂ ਵਧੀਆਂ ਹਨ। ਟੀਮ ਜੇਕਰ ਆਪਣੇ ਬਾਕੀ ਬਚੇ ਦੋਵੇਂ ਮੈਚ ਜਿੱਤ ਲੈਂਦੀ ਹੈ ਤੇ ਸ਼੍ਰੀਲੰਕਾ ਦੀ ਟੀਮ ਜ਼ਿੰਬਾਬਵੇ ਨੂੰ ਹਰਾ ਦਿੰਦੀ ਹੈ ਤਾਂ ਸਕਾਟਲੈਂਡ ਦੀ ਟੀਮ ਕੁਆਲੀਫਾਈ ਕਰ ਜਾਵੇਗੀ। ਜੇਕਰ ਜ਼ਿੰਬਾਬਵੇ ਦੀ ਟੀਮ ਇਸ ਮੁਕਾਬਲੇ ਨੂੰ ਜਿੱਤ ਜਾਂਦੀ ਹੈ ਤਾਂ ਸ਼੍ਰੀਲੰਕਾ, ਸਕਾਟਲੈਂਡ ਤੇ ਜ਼ਿੰਬਾਬਵੇ ਦੇ 8-8 ਅੰਕ ਹੋ ਸਕਦੇ ਹਨ। ਅਜਿਹੇ ਵਿਚ ਨੈੱਟ ਰਨ ਰੇਟ ਕਾਫੀ ਮਾਇਨੇ ਰੱਖੇਗੀ।

ਸਕਾਟਲੈਂਡ ਦੀ ਨੈੱਟ ਰਨ ਰੇਟ 0.188 ਹੈ ਤੇ ਉਸ ਨੂੰ ਮੰਗਲਵਾਰ ਨੂੰ ਜ਼ਿੰਬਾਬਵੇ ਵਿਰੁੱਧ ਆਪਣੇ ਅਗਲੇ ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਨੀਦਰਲੈਂਡ ਦੇ ਤਿੰਨ ਮੈਚਾਂ ਵਿਚੋਂ ਦੋ ਅੰਕ ਹਨ ਤੇ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣ ਲਈ ਉਸ ਨੂੰ ਓਮਾਨ ਤੇ ਸਕਾਟਲੈਂਡ ਵਿਰੁੱਧ ਆਪਣੇ ਬਾਕੀ ਬਚੇ ਦੋ ਮੈਚਾਂ ਵਿਚ ਵੱਡੀ ਜਿੱਤ ਦਰਜ ਕਰਨੀ ਪਵੇਗੀ। ਨੀਦਰਲੈਂਡ ਦੀ ਟੀਮ ਚਾਹੇਗੀ ਕਿ ਸ਼੍ਰੀਲੰਕਾ ਕੁਆਲੀਫਾਈ ਕਰ ਲਵੇ, ਜਿਸ ਨਾਲ ਕਿ ਦੂਜੇ ਸਥਾਨ ਲਈ ਮੁਕਾਬਲਾ ਉਸਦੇ, ਜ਼ਿੰਬਾਬੇਵ ਤੇ ਸਕਾਟਲੈਂਡ ਵਿਚਾਲੇ ਹੋਵੇਗਾ। ਚਾਰ ਟੀਮਾਂ ਵਿਚਾਲੇ ਨੀਦਰਲੈਂਡ ਦੀ ਨੈੱਟ ਰਨ ਰੇਟ (-0.560) ਸਭ ਤੋਂ ਘੱਟ ਹੈ।


author

cherry

Content Editor

Related News