SRH vs PBKS : ਪੰਜਾਬ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ

05/22/2022 10:58:18 PM

ਸਪੋਰਟਸ ਡੈਸਕ- ਪੰਜਾਬ ਕਿੰਗਜ਼ ਨੇ ਗੇਂਦਬਾਜ਼ਾਂ ਦੇ ਬੇਹੱਦ ਅਨੁਸ਼ਾਸਿਤ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਈ. ਪੀ.ਐੱਲ. ਲੀਗ ਦੇ ਆਖਰੀ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਕੇ ਮੌਜੂਦਾ ਸੈਸ਼ਨ ਦੀ ਜਿੱਤ ਨਾਲ ਵਿਦਾਈ ਲਈ। ਹੈਦਰਾਬਾਦ ਨੂੰ  8 ਵਿਕਟਾਂ ’ਤੇ 157 ਦੌੜਾਂ ’ਤੇ ਰੋਕਣ ਤੋਂ ਬਾਅਦ ਲਿਆਮ ਲਿਵਿੰਗਸਟੋਨ (ਅਜੇਤੂ 49), ਓਪਨਰ ਬੱਲੇਬਾਜ਼ ਸ਼ਿਖਰ ਧਵਨ (39) ਤੇ ਜਾਨੀ ਬੇਅਰਸਟੋ (23) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਪੰਜਾਬ ਕਿੰਗਜ਼ ਨੇ 15.1 ਓਵਰਾਂ ਵਿਚ 5 ਵਿਕਟਾਂ ’ਤੇ 160 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਪੰਜਾਬ ਇਸ ਜਿੱਤ ਨਾਲ ਅੰਕ ਸੂਚੀ ਵਿਚ 14 ਮੈਚਾਂ ਵਿਚੋਂ 7 ਜਿੱਤਾਂ ਤੇ ਇੰਨੀਆਂ ਹੀ ਹਾਰਾਂ ਦੇ ਨਾਲ 14 ਅੰਕ ਲੈ ਕੇ 6ਵੇਂ ਸਥਾਨ ’ਤੇ ਰਿਹਾ ਜਦਕਿ ਹੈਦਰਾਬਾਦ 14 ਮੈਚਾਂ ਵਿਚੋਂ 6 ਜਿੱਤਾਂ ਤੇ 8 ਹਾਰਾਂ ਦੇ ਨਾਲ 8ਵੇਂ ਸਥਾਨ ’ਤੇ ਰਿਹਾ।

ਇਹ ਵੀ ਪੜ੍ਹੋ :- ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਚੁਣੇ ਗਏ ਮੇਅਰ

4 ਕੁਆਲੀਫਾਇਰ ਟੀਮਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ ਹਨ, ਲਿਹਾਜਾ ਇਹ ਮੈਚ ਰਸਮੀ ਰਿਹਾ ਸੀ।ਇਸ ਤੋਂ ਪਹਿਲਾਂ  ਅਰਸ਼ਦੀਪ ਸਿੰਘ ਨੇ ਭਾਰਤੀ ਟੀਮ ਵਿਚ ਚੋਣ ਦਾ ਜਸ਼ਨ ਕਫਾਇਤੀ ਗੇਂਦਬਾਜ਼ੀ ਦੇ ਨਾਲ ਮਨਾਉਂਦੇ ਹੋਏ 4 ਓਵਰਾਂ ਵਿਚ ਸਿਰਫ 25 ਦੌੜਾਂ ਦਿੱਤੀਆਂ। ਉੱਥੇ ਹੀ ਹਰਪ੍ਰੀਤ ਬਰਾੜ ਨੇ 4 ਓਵਰਾਂ ਵਿਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਪ੍ਰਿਯਮ ਗਰਗ, ਰਾਹੁਲ ਤ੍ਰਿਪਾਠੀ ਤੇ ਐਡਨ ਮਾਰਕ੍ਰਮ ਨੂੰ ਪੈਵੇਲੀਅਨ ਭੇਜਿਆ।ਸਨਰਾਈਜ਼ਰਜ਼ ਦੀ ਟੀਮ ਕਾਫੀ ਥੱਕੀ ਹੋਈ ਨਜ਼ਰ ਆਈ ਤੇ ਖਿਡਾਰੀਆਂ ਵਿਚ ਪ੍ਰੇਰਣਾ ਦੀ ਘਾਟ ਦਿਸੀ। ਸਨਰਾਈਜ਼ਰਜ਼ ਲਈ ਇਸ ਸੈਸ਼ਨ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ ਅਭਿਸ਼ੇਕ ਸ਼ਰਮਾ (43) ਨੇ ਇਕ ਵਾਰ ਫਿਰ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕਿਆ। ਤ੍ਰਿਪਾਠੀ ਨੇ ਇਸ ਸੈਸ਼ਨ ਵਿਚ 400 ਦੌੜਾਂ ਪੂਰੀਆਂ ਕੀਤੀਆਂ ਪਰ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।  ਭਾਰਤੀ ਟੀਮ ਵਿਚ ਨਾ ਚੁਣੇ ਜਾਣ ਦੀ  ਨਿਰਾਸ਼ਾ ਕਿਤੇ ਨਾ ਕਿਤੇ ਉਸਦੇ ਪ੍ਰਦਰਸ਼ਨ ’ਤੇ ਹਾਵੀ ਸੀ ਤੇ ਉਹ ਖੁੱਲ੍ਹ ਕੇ ਸਟੋਕਸ ਵੀ ਨਹੀਂ ਖੇਡ ਸਕਿਆ।

ਇਹ ਵੀ ਪੜ੍ਹੋ :- ਅਮਰੀਕਾ ਨੇ ਪੰਜ ਸਮੂਹਾਂ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚੋਂ ਕੀਤਾ ਬਾਹਰ

ਰੋਮਾਰੀਓ ਸ਼ੈਫਰਡ ਨੇ 15 ਗੇਂਦਾਂ ਵਿਚ ਅਜੇਤੂ 26 ਦੌੜਾਂ ਤੇ ਵਾਸ਼ਿੰਗਟਨ ਸੁੰਦਰ ਨੇ 19 ਗੇਂਦਾਂ ਵਿਚ 25 ਦੌੜਾਂ ਬਣਾ ਕੇ ਸਨਰਾਈਜ਼ਰਜ਼ ਨੂੰ 150 ਦੇ ਪਾਰ ਪਹੁੰਚਾਇਆ। ਦੋਵਾਂ ਨੇ 4.5 ਓਵਰਾਂ ਵਿਚ 6 ਵਿਕਟਾਂ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਚਾਰ ਓਵਰਾਂ ਵਿਚ 50 ਤੋਂ ਵੱਧ ਦੌੜਾਂ ਬਣੀਆਂ। ਨਾਥਨ ਐਲਿਸ ਨੇ 4 ਓਵਰਾਂ ਵਿਚ 40 ਦੌੜਾਂ ਦੇ ਕੇ 3 ਵਿਕਟਾਂ ਲਈਆਂ ਪਰ ਆਖਰੀ ਓਵਰਾਂ ਵਿਚ ਮਹਿੰਗਾ ਸਾਬਤ ਹੋਇਆ। ਐਲਿਸ ਨੇ ਲਗਾਤਾਰ ਦੋ ਗੇਂਦਾਂ ’ਤੇ ਵਿਕਟਾਂ ਲਈਆਂ ਪਰ ਭੁਵਨੇਸ਼ਵਰ ਕੁਮਾਰ ਨੇ ਉਸ ਨੂੰ ਹੈਟ੍ਰਿਕ ਨਹੀਂ ਲੈਣ ਦਿੱਤੀ। ਉਹ ਅਗਲੀ ਗੇਂਦ ’ਤੇ ਹਾਲਾਂਕਿ ਰਨ ਆਊਟ ਹੋ ਗਿਆ।
ਟੀਚੇ ਦਾ ਪਿੱਛਾ ਕਰਦਿਆਂ ਬੇਅਰਸਟੋ ਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 28 ਦੌੜਾਂ ਦੀ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਅੰਤ ਵਿਚ ਲਿਆਮ ਲਿਵਿੰਗਸਟੋਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ 22 ਗੇਂਦਾਂ ਦੀ ਪਾਰੀ ਵਿਚ 2 ਚੌਕੇ ਤੇ 5 ਸ਼ਾਨਦਾਰ ਛੱਕੇ ਲਾ ਕੇ ਜਿੱਤ ਆਪਣੀ ਟੀਮ ਦੀ ਝੋਲੀ ਵਿਚ ਪਾ ਦਿੱਤੀ। ਹੈਦਰਾਬਾਦ ਵਲੋਂ ਗੇਂਦਬਾਜ਼ੀ ਕਰਦਿਆਂ ਫਜ਼ਲਹੱਕ  ਫਾਰੂਕੀ ਨੇ 2 ਜਦਕਿ ਟੀਮ ਇੰਡੀਆ ਵਿਚ ਚੁਣੇ ਗਏ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ 24 ਦੌੜਾਂ ’ਤੇ 1 ਵਿਕਟ ਲਈ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਤੇ ਸੁਚਿੱਥ ਨੇ ਇਕ-ਇਕ ਵਿਕਟ ਲਈ। 

ਦੋਵੇਂ ਟੀਮਾਂ ਦੀਆਂ ਪਲੇਇੰਗ-11 :-

ਪੰਜਾਬ ਕਿੰਗਜ਼ : ਜਾਨੀ ਬੇਅਰਸਟੋ, ਸ਼ਿਖਰ ਧਵਨ, ਲੀਆਮ ਲਿਵਿੰਗਸਟੋਨ, ਮਯੰਕ ਅਗਰਵਾਲ (ਕਪਤਾਨ), ਸ਼ਾਹਰੁਖ ਖਾਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਹਰਪ੍ਰੀਤ ਬਰਾੜ, ਨਾਥਨ ਐਲਿਸ, ਪ੍ਰੇਰਕ ਮਾਨਕਡ, ਕਗਿਸੋ ਰਬਾਡਾ, ਅਰਸ਼ਦੀਪ ਸਿੰਘ
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਪ੍ਰਿਯਮ ਗਰਗ, ਰਾਹੁਲ ਤ੍ਰਿਪਾਠੀ, ਐਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਰੋਮੀਓ ਸ਼ੈਫਰਡ, ਵਾਸ਼ਿੰਗਟਨ ਸੁੰਦਰ, ਜਗਦੀਸ਼ਾ ਸੁਚਿਤ, ਭੁਵਨੇਸ਼ਵਰ ਕੁਮਾਰ (ਕਪਤਾਨ), ਫਜ਼ਲਹਕ ਫਾਰੂਕੀ, ਉਮਰਾਨ ਮਲਿਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News